ਰੰਗ ਰੱਤੜੇ ਗੁਲਾਬਾਂ ਦੇ
ਤੱਕ ਤੱਕ ਥੱਕ ਗਈ ਆਂ,
ਰਾਹ ਤੇਰਿਆਂ ਮੈਂ ਖਾਬਾਂ ਦੇ।

ਪਿੱਪਲ ਦੀਆਂ ਪੱਤੀਆਂ ਵੋ
ਤੰਦਾਂ ਤੇਰੇ ਪਿਆਰ ਵਾਲੀਆਂ,
ਨਾਲ ਚਾਵਾਂ ਮੈਂ ਕੱਤੀਆਂ ਵੋ।

ਪੀਲੇ ਫੁੱਲ ਨੇ ਬਹਾਰਾਂ ਦੇ
ਜਿੰਦ ਮੈਂਡੀ ਤੜਪ ਰਹੀ,
ਕੰਡੇ ਚੁਭਦੇ ਨੇ ਹਾਰਾਂ ਦੇ।

ਜੱਗ ਵੱਸਦੇ ਨੂੰ ਛੱਡ ਚੱਲਿਆ
ਐਸਾ ਤੂੰ ਗਿਆ ਸੋਹਣਿਆ,
ਮੇਰੇ ਖਾਬਾਂ ਵਾਲਾ ਘਰ ਮੱਲਿਆ।

ਜੱਗ ਹੱਸਦੇ ‘ਚ ਮੈਂ ਮੋਇਆ
ਬਿਰਹੋਂ ਨੇ ਸਾਥ ਛੱਡਿਆ,
ਐਨਾ ਕੱਲਾ ਮੇਰਾ ਮਨ ਹੋਇਆ।

ਜੱਗ ਹੱਸਦੇ ‘ਚ ਮੈਂ ਰੋਈ
ਵਸਲਾਂ ਦੀ ਆਸ ਜਗੀ,
ਜਦ ਬਿਰਹੋਂ ਦੀ ਤੜਪ ਹੋਈ।

ਅੱਥਰੂ ਵਿੱਚ ਚੰਨ ਹੱਸਦਾ
ਦੁੱਖਾਂ ਬਾਝੋਂ ਵਸਲ ਕਿੱਥੇ,
ਇਹ ਤਾਂ ਉੱਜੜ ਕੇ ਘਰ ਵੱਸਦਾ।

ਬਾਜਾਂ ਵਾਲੇ ਦੀ ਯਾਦ ਜਗੀ
ਰੋਹੀਆਂ ‘ਚ ਫੁੱਲ ਖਿੜ ਪਏ,
ਯਖ ਮਨ ਵਿੱਚ ਜੋਤ ਜਗੀ।

ਬਾਬੇ ਨੇ ਸ੍ਵਰ ਛੋਹੇ
ਵਣ ਤ੍ਰਿਣ ਮੌਲ ਉੱਠੇ,
ਸਾਰੇ ਜੱਗ ਵਿੱਚ ਹਰਿ ਸੋਹੇ।

ਜੋਗੀ ਨੂੰ ਦਰਸ ਭਏ
ਹਉਂ ਵਾਲਾ ਗੜ੍ਹ ਟੁੱਟਿਆ,
ਬੀਜ ਵਸਲਾਂ ਦੇ ਪੁੰਗਰ ਪਏ।

ਪਾਣੀ ਵਿੱਚ ਚੰਨ ਮੜ੍ਹਿਆ
ਉਮਰਾਂ ਦੀ ਨੈਂ ਸੁੱਕ ਗਈ,
ਕਦੇ ਸੁਪਨੇ ‘ਚ ਮਿਲ ਅੜਿਆ।


-ਪ੍ਰਭਸ਼ਰਨਬੀਰ ਸਿੰਘ

Comments

  1. Thanks a lot......
    Today was my really busy day.not free yet.A great relief from the poem...i think.......entry of the poem in your blog is for me......so thanks again.....

    ReplyDelete

Post a Comment

Popular posts from this blog

ਸਿੱਖ ਸੰਘਰਸ਼ ਤੇ ਪੰਜਾਬ ਦੇ ਖੱਬੇਪੱਖੀ ਚਿੰਤਨ ਦਾ ਸੰਕਟ

ਆਧੁਨਿਕਤਾ, ਬਰਬਰਤਾ, ਅਤੇ ਪੰਜਾਬੀ ਕਵਿਤਾ

ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾਂ ?