‘ਝਨਾਂ ਦੀ ਰਾਤ’ ਦੇ ਪ੍ਰਸੰਗ ਵਿਚ
ਡਾ. ਗੁਰਬਚਨ

ਕੁਝ ਲੇਖਕ ਕਦੇ ਵੀ ਅਣਗੌਲੇ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਦੀ ਮੌਜੂਦਗੀ ਧੁੱਪ ਵਾਂਗ ਹੁੰਦੀ ਹੈ। ਕੋਈ ਸ਼ਾਸਨ ਦਰਵੇਸ਼ੀ ਸਿ਼ੱਦਤ ਦਾ ਦਮਨ ਨਹੀਂ ਕਰ ਸਕਦਾ। ਪੰਜਾਬ ਨੇ ਹਮੇਸ਼ਾ ਅਜਿਹੇ ਸ਼ਾਇਰ ਪੈਦਾ ਕੀਤੇ ਹਨ ਜਿਨ੍ਹਾਂ ਦੇ ਸ਼ਬਦਾਂ ‘ਚੋਂ ਯੁਗਾਂ ਦੀ ਗਾਥਾ ਬੋਲਦੀ ਹੈ। ਇਨ੍ਹਾਂ ਸ਼ਾਇਰਾਂ ਦੀਆਂ ਆਵਾਜ਼ਾਂ ਸਾਡੀ ਧਰਤੀ ਦੇ ਅਚੇਤ ‘ਚ ਗੂੰਜ ਵਾਂਗ ਮੌਜੂਦ ਹਨ। ਹਰਿੰਦਰ ਸਿੰਘ ਮਹਿਬੂਬ ਪੰਜਾਬ ਦੇ ਅਤੀਤ ਦੀਆਂ ਆਵਾਜ਼ਾਂ ਨੂੰ ਬੁਲੰਦ ਕਰਨ ਵਾਲਾ ਕਵੀ ਹੈ। ਉਸ ਦਾ ਆਬਸ਼ਾਰੀ ਸਰੋਦ ਸਾਡੇ ਬੀਤ ਚੁੱਕੇ ਅਸਲ ਨੂੰ ਸੁਰਜੀਤ ਕਰਦਾ ਹੈ। ਲੋੜ ਅਜਿਹੇ ਕਵੀ ਨਾਲ ਸਾਂਝ ਪਾਉਣ ਦੀ ਹੈ।

ਪਰ ਕਵਿਤਾ ਨਾਲ ਸਾਂਝ ਪਾਉਣ ਦੇ ਸਮੇਂ ਤਾਂ ਵਿਹਾਜ ਗਏ ਹਨ। ਜਿਹੜੇ ਵੇਲੇ ਗੁੰਮ-ਗੁਆਚ ਚੁੱਕੇ ਹਨ ਮਹਿਬੂਬ ਦੇ ਜਿ਼ਹਨ ‘ਚ ਉਹ ਕੁੰਡੀ ਫਸਾਈ ਬੈਠੇ ਹਨ। ਉਹ ਬੀਤ ਚੁੱਕੇ ਦਾ ਕਵੀ ਹੈ, ਇਸ ਲਈ ਓਪਰਾ ਲੱਗਦਾ ਹੈ। ਉਸ ਨੂੰ ਵੀ ਇਹ ਯੁਗ ਜ਼ਰੂਰ ਓਪਰਾ ਲਗਦਾ ਹੋਵੇਗਾ। ਪੰਜਾਬੀ ਪਾਠਕ ਅੱਜ ਦੀ ਗ੍ਰਿਫ਼ਤ ‘ਚ ਹੈ ਤੇ ਪੰਜਾਬ ਦਾ ਇਹ ਸ਼ਾਇਰ ਬੀਤ ਚੁੱਕੇ ਦੇ ਗੁਣ ਗਾਣ ‘ਚ ਮਸਰੂਫ਼ ਹੈ। ਉਸ ਦਾ ਅੰਦਾਜ਼ੇ-ਬਿਆਨ ਪੁਰਾਣਾ ਹੋਣ ਕਰਕੇ ਓਪਰਾ ਹੈ। ਸਿ਼ੱਦਤ ਤੇ ਲਗਨ ਅਥਾਹ ਹੈ। ਸਰੋਦੀ ਵੇਗ ਹੈ। ਇਸਦੇ ਉਲਟ ਅੱਜ ਦੇ ਬੰਦੇ ਪਾਸ ਵਸਤਾਂ ਦਾ ਭੰਡਾਰ ਹੈ। ਸ਼ਬਦਾਂ ਦੀ ਟਕਸਾਲ ਦੀ ਉਸ ਨੂੰ ਲੋੜ ਨਹੀਂ ਜਾਪਦੀ। ਸਥਿਤੀ ਤੇ ਕਵੀ ਵਿਚਕਾਰ ਅਜੀਬ ਅੰਤਰ-ਵਿਰੋਧ ਹੈ।

ਮਹਿਬੂਬ ਪਾਸ ਬੀਤ ਚੁੱਕੇ ਦੀ ਰੂਹਾਨੀ ਤੇ ਇੰਦ੍ਰਿਆਵੀ ਅਮੀਰੀ ਹੈ; ਪੰਜ ਦਰਿਆਵਾਂ ਦੀ ਗਾਥਾ ਹੈ; ਸਮੇਂ ਦੇ ਖੰਡਰਾਂ ਦਾ ਸੁਹਜ ਹੈ; ਸੂਫ਼ੀ ਫ਼ਕੀਰਾਂ ਲਈ ਮੁਹੱਬਤ ਹੈ; ਸ਼ਹੀਦਾਂ ਲਈ ਸ਼ਰਧਾ ਹੈ; ਗੁਰੂ ਦੇ ਨਾਂ ਦਾ ਡੰਕਾ ਹੈ। ਵਿਰਸੇ ਵਲ ਜੋ ਬੇਗਾਨਗੀ ਪੰਜਾਬੀ ਬੰਦਾ ਸਹੇੜੀ ਬੈਠਾ ਹੈ ਉਸ ਤੋਂ ਮੁਕਤ ਹੋਣ ਦੀ ਇੱਛਾ ਵਾਲਾ ਹੀ ‘ਝਨਾਂ ਦੀ ਰਾਤ’ ਦੀ ਤਾਕਤ ਦਾ ਅੰਦਾਜ਼ਾ ਲਗਾ ਸਕਦਾ ਹੈ। ਇਸ ਕਿਤਾਬ ‘ਚ ਬੀਤ ਚੁੱਕੇ ਪੰਜਾਬ ਦਾ ਸਬੂਤਾਪਣ ਦਿਖਾਈ ਦੇਂਦਾ ਹੈ।ਪੰਜਾਬੀ ਬੰਦੇ ਦੇ ਹਵਾਲੇ ਨਾਲ ਕਿਹਾ ਜਾ ਸਕਦਾ ਹੈ ਕਿ ਸਮੇਂ ਦੇ ਦਾਅ-ਪੇਚਾਂ ਦੀ ਤਹਿ ਤੱਕ ਨਾ ਜਾਣ ਵਾਲੀ ਲੋਕਾਈ ਖਪਤ ਸਭਿਆਚਾਰ ਦੀ ਮਾਰ ਹੇਠ ਆ ਜਾਂਦੀ ਹੈ ਤੇ ਸੁਤੇ-ਸਿੱਧ ਆਪਣੇ ਅਸਲੇ ਤੋਂ ਟੁੱਟ ਜਾਂਦੀ ਹੈ। ਤਾਕਤ ਹਥਿਆਉਣ ਤੇ ਇਸ ਤਾਕਤ ਨੂੰ ਯੁਗਾਂ ਤਕ ਕਾਇਮ ਰੱਖਣ ਵਾਲੀ ਜਮਾਤ ਮਨੁੱਖ ਨੂੰ ਧਰਤੀ ਤੋਂ ਉਖੇੜ ਕੇ ਉਸ ਦਾ ਕੱਦ ਛੋਟਾ ਕਰਦੀ ਹੈ। ਪੰਜਾਬ ਦੇ ਬੰਦੇ ਸਾਹਮਣੇ ਇਹ ਸੁਆਲ ਅੱਜ ਹੈ ਕਿ ਉਸ ਨੇ ਆਪਣੇ ਵਿਰਸੇ ਤੇ ਜੜ੍ਹਾਂ ਤੋਂ ਟੁੱਟ ਕੇ ਆਪਣਾ ਕੱਦ ਘਟਾਉਣਾ ਹੈ, ਆਪਣੇ ਆਪ ਨੂੰ ਅਦਨਾ ਬਣਾਉਣਾ ਹੈ ਜਾਂ ਆਪਣੇ ਆਪ ਨੂੰ ਸਬੂਤਾ ਬਚਾਈ ਰੱਖਣਾ ਹੈ। ਮਸਲਾ ਪਰਾਏ ਕਲਚਰ ਦੇ ਗਲਬੇ ਤੋਂ ਮੁਕਤ ਹੋਣ ਦਾ ਹੈ। ਕੇਂਦਰੀ ਸਿਆਸਤ ਪੰਜਾਬ ਨੂੰ ਕੁਟ ਹੀ ਨਹੀਂ ਰਹੀ ਸਗੋਂ ਕਲਚਰ ਤੇ ਸੋਚ ਦੀ ਪੱਧਰ ‘ਤੇ ਭਾਸ਼ਾ ਅਤੇ ਪ੍ਰਵਚਨ ਦੇ ਖੇਤਰ ਵਿਚ ਆਪਣਾ ਗਲਬਾ ਦਿਨੋ ਦਿਨ ਵਧਾਈ ਜਾ ਰਹੀ ਹੈ। ਗਲਬਾ ਵਧਾਉਣ ਦਾ ਇਕ ਜ਼ਰੀਆ ਲੇਖਕਾਂ, ਕਲਮ-ਵਾਹਕਾਂ, ਪੱਤਰਕਾਰਾਂ ਨੂੰ ਇਨਾਮਾਂ/ਸਨਮਾਨਾਂ ਦੇ ਮਰੂੰਡੇ ਵੰਡ ਕੇ ਉਨ੍ਹਾਂ ਦੀ ਸੁਤੰਤਰ ਸੋਚ ਤੇ ਸਵੈਮਾਨ ਨੂੰ ਹਜ਼ਮ ਕਰੀ ਜਾਣਾ ਹੈ। ਇਕ ਪਾਸੇ ਪੰਜਾਬ ਦੀ ਆਤਮਾ ਕੁਚਲੀ ਜਾ ਰਹੀ ਹੈ, ਦੂਜੇ ਪਾਸੇ ਲੇਖਕਾਂ ਪੱਤਰਕਾਰਾਂ ਨੂੰ ਮਰੂੰਡੇ ਵੰਡੇ ਜਾ ਰਹੇ ਹਨ। ਇਹ ਤਾਕਤ ਦੀਆਂ ਜ਼ਹਿਰੀਲੀਆਂ ਪਰਤਾਂ ਹਨ। ਇਸ ਆਲਮ ਦੇ ਕੀ ਅਰਥ ਹਨ?

ਅਜਿਹੇ ਆਲਮ ਦੇ ਉਹੀ ਅਰਥ ਹਨ ਜੋ ਹੁਣ ਦਿਸ ਰਹੇ ਹਨ। ਬੇਬਸੀ, ਲਾਚਾਰੀ, ਚੁੱਪ ਵਾਲੇ ਅਰਥ ਹਨ। ਇਸ ਪ੍ਰਸੰਗ ‘ਚ ਮਹਿਬੂਬ ਵਰਗੇ ਕਵੀਆਂ ਦੀ ਅਹਿਮੀਅਤ ਦਾ ਪਤਾ ਚਲਦਾ ਹੈ। ਅਜਿਹੇ ਕਵੀ ਸਿਰਫ ਕਵੀ ਬਣਨ ਲਈ ਫਿਕਰੇ ਨਹੀਂ ਜੋੜਦੇ। ਅਜਿਹੇ ਸ਼ਾਇਰ ਯੁਗਾਂ ਦੀਆਂ ਪਰਤਾਂ ਫਰੋਲਦੇ ਹਨ। ਮਹਿਬੂਬ ਵਾਰ ਵਾਰ ਸੂਫ਼ੀ ਫ਼ਕੀਰਾਂ ਤੇ ਪੰਜਾਬੀ ਸਭਿਆਚਾਰਕ ਜਾਤੀ ਦੇ ਬੁਲਾਰੇ ਸ਼ਾਇਰਾਂ-ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ, ਸ਼ਾਹ ਮੁਹੰਮਦ, ਵਾਰਸ ਸ਼ਾਹ, ਪੂਰਨ ਸਿੰਘ-ਨੂੰ ਮੁਖਾਤਿਬ ਹੁੰਦਾ ਹੈ। ਪੰਜਾਬ ਦੇ ਦਰਿਆ, ਇਨ੍ਹਾਂ ਦਾ ਯੁੱਗਾਂ ਤੋਂ ਚਲਦਾ ਆ ਰਿਹਾ ਪਰਵਾਹ, ਇਨ੍ਹਾਂ ਦਵਾਲੇ ਆਸ਼ਕਾਂ, ਨਾਇਕਾਂ ਯੋਧਿਆਂ ਦੇ ਲਏ ਗਏ ਸਾਹਾਂ ਨਾਲ ਮਿਲੀ ਹਵਾ, ਇਸ ਹਵਾ ‘ਚ ਰਲੀ ਉਦਾਸੀ ਤੇ ਵਿਗੋਚਾ, ਪੰਜਾਂ ਪਾਣੀਆਂ ‘ਚ ਅਭੇਦ ਰਾਤਾਂ ਤੇ ਅਥਰੂਆਂ ਦਾ ਰਹੱਸ, ਸਾਹਿਬਾਂ, ਹੀਰ ਤੇ ਸੋਹਣੀ ਦੇ ਜਜ਼ਬਾਤ, ਇਸ ਸਭ ਕੁਝ ਨੂੰ ਉਹ ਕਵਿਤਾ ਦੀ ਕਾਇਨਾਤ ਦਾ ਹਿੱਸਾ ਬਣਾਉਂਦਾ ਹੈ।

ਮਹਿਬੂਬ ਦੀ ‘ਝਨਾਂ ਦੀ ਰਾਤ’ ਬਾਰੇ ਰਾਜਧਾਨੀ ‘ਚ ਪੈਦਾ ਹੋਈ ਕਾਂਵਾਂ-ਰੌਲੀ ਪ੍ਰਗਟ ਕਰਦੀ ਹੈ ਕਿ ਅੱਜ ਦਾ ਬੰਦਾ ਕਿਧਰ ਜਾ ਰਿਹਾ ਹੈ। ਕਵਿਤਾ ਜਦੋਂ ਕਾਵਿ-ਹੀਣ ਫਿਜ਼ਾ ਨਾਲ ਟਕਰਾਵੇ, ਫੁੱਲਾਂ ਦੀ ਮਹਿਫਲ ਉੱਤੇ ਪੀਲੀ ਹਵਾ ਜਦੋਂ ਧਾਵਾ ਬੋਲ ਦੇਵੇ, ਉਦੋਂ ਸੂਖਮ ਤੇ ਸੰਜੀਦਾ ਕੁਝ ਨਹੀਂ ਬਚਦਾ। ਪਲੀਤ ਜਿਹਾ ਕੁਝ ਬਚਦਾ ਹੈ ਤੇ ਜੋ ਕੁਝ ਵਾਪਰ ਰਿਹਾ ਹੁੰਦਾ ਹੈ, ਵਾਪਰਦਾ ਰਹਿੰਦਾ ਹੈ। ਉਦੋਂ ਉਦਾਸੀ ਤੇ ਰੁਦਨ ਦਾ ਰੰਗ ਵੀ ਮੌਤ ਵਰਗਾ ਹੋ ਜਾਂਦਾ ਹੈ। ਸੰਵੇਦਨਾ ਸਾਹਮਣੇ ਸ਼ੋਰ ਥਿਰ ਹੋ ਜਾਂਦਾ ਹੈ। ਕੀ ਕਵਿਤਾ ਅਜਿਹੇ ਯੁੱਗ ਸਾਹਮਣੇ ਕਾਇਮ ਰਹਿ ਸਕਦੀ ਹੈ? ਕੀ ਪੰਜਾਬ ਦੇ ਬੀਤ ਚੁੱਕੇ ਦੀ ਅਤੇ ਵਿਰਸੇ ਦੀ ਗੂੰਜ ਅੱਜ ਸੁਣਾਈ ਦੇ ਸਕਦੀ ਹੈ? ਕੀ ਇਹ ਸਮੇਂ ਕਵੀ ਮਹਿਬੂਬ ਲਈ ਮਾਕੂਲ ਹਨ?

ਜਿਨ੍ਹਾਂ ਦੀ ਪ੍ਰਤਿਬੱਧਤਾ ਵਸਤਾਂ ਤੋਂ ਸ਼ੁਰੂ ਹੋ ਕੇ ਵਸਤਾਂ ਤਕ ਖਤਮ ਹੋ ਜਾਂਦੀ ਹੈ ਉਹ ਵਸਤਾਂ ਵਾਂਗ ਚੇਤਨਾ-ਮੁਕਤ ਹੋ ਜਾਂਦੇ ਹਨ। ਖਪਤ ਕਲਚਰ ਦਾ ਇਹੀ ਲਕਸ਼ ਹੈ। ਪੰਜਾਬ ਦੀ ਦਰਵੇਸ਼ੀ ਸ਼ਾਇਰੀ ਇਸ ਮਾਨਸਿਕਤਾ ਲਈ ਨਹੀਂ। ਮਹਿਬੂਬ ਦੀ ਕਵਿਤਾ ਨੇ ਇਕ ਵੇਰ ਪ੍ਰਗਟ ਕਰ ਦਿੱਤਾ ਹੈ ਕਿ ਪੁਰਾਣਾ ਪੰਜਾਬ ਅੱਜ ਸਬੂਤੇ ਦਾ ਸਬੂਤਾ, ਸਮੇਤ ਇਸਦੇ ਸੁਪਨਿਆਂ, ਉਮੰਗਾਂ, ਉਦਾਸੀਆਂ, ਹੰਝੂਆਂ, ਗਹਿਰੀਆਂ ਅੱਖਾਂ, ਆਸ਼ਕਾਂ, ਦਰਿਆਵਾਂ, ਪੀਰਾਂ ਫ਼ਕੀਰਾਂ, ਰੋਹੀਆਂ, ਬੇਲਿਆਂ, ਅਨੂਠੇ ਚੱਕਰ-ਚਿਹਨਾਂ, ਮੁਹੱਬਤਾਂ ਦੇ ਇਕਰਾਰਾਂ ਦੇ ਫਿਰ ਸਮਝਣ ਅਤੇ ਚੇਤੇ ਕਰਨ ਯੋਗ ਹੈ।

ਕਵੀ ਨੂੰ ਮਿਲੀ ਖੁੱਲ੍ਹ ਕਰਕੇ ਹੀ ਹਰਿੰਦਰ ਸਿੰਘ ਮਹਿਬੂਬ ਜਿ਼ੱਦ ਵਾਂਗ ਵੱਖਰਾ ਹੈ। ਉਸ ਨੂੰ ਅੱਜ ਬਾਰੇ ਲਿਖਣ ਦੀ ਉਤੇਜਨਾ ਨਹੀਂ। ਉਹ ਪੰਜਾਬ ਦੀ ਉਦਾਸੀ ਤੇ ਵਿਗੋਚੇ ਦੀ ਤਹਿ ਤਕ ਜਾਣਾ ਚਾਹੁੰਦਾ ਹੈ, ਉਸਦੇ ਅਸਲ ਵਲ, ਤੇ ਖਵਾਰ ਹੋ ਚੁੱਕੀ ਬਾਦਸ਼ਾਹੀ ਵਲ। ਉਹ ਸਰਲ ਜਿਹਾ ਲੱਗ ਕੇ ਵੀ ਕਿਸੇ ‘ਅਪਹੁੰਚ ਵਿਸ਼ਵ’ ‘ਚ ਪੁੱਜਣ ਦੀ ਇੱਛਾ ਰਖਦਾ ਹੈ। ਕਵਿਤਾ ਬਾਰੇ ਉਸ ਦਾ ਚਿੰਤਨ ਚਾਲੂ ਸ਼ਾਇਰੀ ਤੋਂ ਪਾਰ ਜਾਂਦਾ ਹੈ। ਉਹ ਇਸ ਬਾਰੇ ਸੰਜੀਦਗੀ ਤੇ ਪ੍ਰਤਿਬਧਤਾ ਨਾਲ ਗੱਲ ਕਰਦਾ ਹੈ। ਉਹ ਆਪਣੀ ਕਲਮ ਤੇ ਇਸਦੇ ਮੁੱਦੇ ਬਾਰੇ ਸੁਚੇਤ ਹੈ। ‘ਝਨਾਂ ਦੀ ਰਾਤ’ ਦੇ ਆਰੰਭ ‘ਚ ਦਰਜ ਕਵਿਤਾ ਬਾਰੇ ਲੰਮਾ ਕਥਨ ਉਸ ਦੀ ਪ੍ਰਤਿਬਧਤਾ ਤੇ ਅਮੁੱਕ ਲਗਨ ਨੂੰ ਪ੍ਰਗਟ ਕਰਦਾ ਹੈ। ਇਹ ਪੂਰਨ ਸਿੰਘ ਦੇ ਕਵਿਤਾ ਬਾਰੇ ਪ੍ਰਗਟਾਏ ਵਿਚਾਰਾਂ ਤੋਂ ਬਾਅਦ ਕਿਸੇ ਕਵੀ ਵਲੋਂ ਸਿਰਜਿਆ ਪ੍ਰਮਾਣਿਕ ਦਸਤਾਵੇਜ਼ ਹੈ। ਇਸ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ। ਹੋ ਸਕੇ ਤਾਂ ਰੱਦ ਕਰਨਾ ਜ਼ਰੂਰੀ ਹੈ ਪਰ ਰੱਦ ਕਰਨ ਤੋਂ ਪਹਿਲਾਂ ਮਹਿਬੂਬ ਦੇ ਚਿੰਤਨ ਤੋਂ ਪਾਰ ਜਾਣ ਦੀ ਲੋੜ ਹੈ।

ਉਸ ਸਾਹਮਣੇ ਅਚੇਤ ਹੀ ਸੁਆਲ ਹੈ, ਪੰਜਾਬੀ ਕੌਮੀਅਤ ਦਾ ਅਸਲ ਕੀ ਹੋਵੇ? ਉਸ ਦੀ ਕਵਿਤਾ ਵਿਚ ਇਹ ਅਸਲ ਪੁਰਾਣੇ ਪੰਜਾਬ ਦੇ ਜ਼ੱਰੇ ਜ਼ੱਰੇ ਨਾਲ ਮੋਹ ‘ਚੋਂ ਮਿਲੇਗਾ-ਪੰਜਾਬ ਦੀ ਲੈਂਡਸਕੇਪ ‘ਚੋਂ, ਦਰਿਆਵਾਂ, ਨਦੀਆਂ ਤੇ ਬੇਲਿਆਂ ‘ਚੋਂ; ਇੱਥੋਂ ਦੀਆਂ ਨੱਢੀਆਂ ਤੇ ਆਸ਼ਕਾਂ-ਸੂਰਮਿਆਂ ‘ਚੋਂ। ਪੰਜਾਬ ਦੇ ਧਰਤ-ਦ੍ਰਿਸ਼ ਮਹਿਬੂਬ ਦੇ ਕਾਵਿ-ਮਨ ਵਿਚ ਛਾਂ ਵਾਂਗ ਫੈਲੇ ਹੋਏ ਹਨ। ਇਸ ਤਰ੍ਹਾਂ ਦਾ ਕਾਵਿ-ਮਨ ਹੀ ਉਸਦੇ ਗੀਤਾਂ ਤੇ ਉਸ ਦੀ ਕਾਵਿ ਭਾਸ਼ਾ ਦੀ ਸਰੋਦੀ ਸ਼ਕਤੀ ਦਾ ਮੁੱਢ ਹੈ। ਇਕ ਤਰ੍ਹਾਂ ਨਾਲ ਉਹ ਪੰਜਾਬ ਦੇ ਵਜੂਦ ਨੂੰ ਸੁਹਜ ਦੀ ਉੱਚਤਾ ਤਕ ਲੈ ਜਾਂਦਾ ਹੈ।

ਅਜਿਹੇ ਕਵੀ ਦੀ ਭਾਸ਼ਾ ਪ੍ਰਚਲਤ ਜਿਹੀ ਨਹੀਂ ਹੋ ਸਕਦੀ। ਭਾਈ ਵੀਰ ਸਿੰਘ ਦੀ ਕਾਵਿ-ਭਾਸ਼ਾ ਦਾ ਅੰਤ-ਬਿੰਦੂ ਮਹਿਬੂਬ ਦੀ ਕਾਵਿ ਭਾਸ਼ਾ ਦਾ ਆਦਿ ਬਿੰਦੂ ਹੈ। ਉਸਦੀ ਕਵਿਤਾ ਦੀ ਵਡਿਆਈ ਇਸ ਗੱਲ ‘ਚ ਹੈ ਕਿ ਇਸ ਵਿਚ ਵਸਤੂ ਬਿਰਤਾਂਤ ਨਾਲੋਂ ਮਨੋ-ਬਿਰਤਾਂਤ ਦਾ ਵੱਧ ਦਖਲ ਹੈ। ਇਸ ਮਨੋ-ਬਿਰਤਾਂਤ ‘ਚ ਆਮ ਜੀਵਨ ਵਰਗੀ ਵੰਨ-ਸੁਵੰਨਤਾ ਨਹੀਂ। ਇਹ ਇਕਸਾਰ ਹੈ। ਆਬਸ਼ਾਰ ਵਾਂਗ ਹਰਕਤ ‘ਚ ਹੈ। ਥਿਰ ਵੀ ਹੈ। ਕਵੀ ਆਪਣੇ ਜਲਾਲ ‘ਚ ਮਸਤ ਹੈ। ਆਪਣੀ ਦੁਨੀਆਂ ‘ਚ ਗੁੰਮ ਹੈ। ਤੁਸੀਂ ਮਹਿਬੂਬ ਦੀ ਕਾਵਿ ਭਾਸ਼ਾ ਰਾਹੀਂ ਉਸ ਦੇ ਸਰੋਕਾਰਾਂ, ਵਿਚਾਰਧਾਰਾ ਤੇ ਚਿੰਤਾਵਾਂ ਤਕ ਪੁੱਜ ਸਕਦੇ ਹੋ। ਅਜਿਹੇ ਕਵੀ ਦੀ ਭਾਸ਼ਾ, ਜ਼ਾਹਿਰ ਹੈ, ਅਕੇਵਾਂ ਪੈਦਾ ਕਰ ਸਕਦੀ ਹੈ। ਵਸਤਾਂ ‘ਚ ਖੁੱਭੇ ਮਨੁੱਖ ਲਈ ਤਾਂ ਹਰ ਕਵਿਤਾ ਅਕੇਵਾਂ ਪੈਦਾ ਕਰਦੀ ਹੈ

ਮਹਿਬੂਬ ਦੀ ਕਵਿਤਾ ਬਾਰੇ ਜ਼ਬਾਨੀ ਟਿੱਪਣੀ ਕਰਨ ਵਾਲੇ ਬਹੁਤ ਹਨ। ਇਸ ਕਵਿਤਾ ਨੂੰ ਰੱਦ ਕਰਨ ਵਾਲੇ ਵੀ ਅਨੇਕ ਹਨ ਪਰ ਇਸਨੂੰ ਉਸ ਪ੍ਰਕਾਰ ਸਮਝਣ ਲਈ ਕੋਈ ਤਿਆਰ ਨਹੀਂ ਜਿਸ ਤਰ੍ਹਾਂ ਕਵਿਤਾ ਸਮਝੀ ਜਾਣੀ ਚਾਹੀਦੀ ਹੈ। ਸ਼ਾਇਰੀ ‘ਨਿੱਜੀ ਖੁੱਲ੍ਹ’ ਦਾ ਅਮਲੀ ਰੂਪ ਹੈ। ਕਿਸੇ ਕਵੀ ਨੂੰ ਹਲਕਾ ਜਿਹਾ ਇਸ਼ਾਰਾ ਕਰਨਾ ਵੀ ਸੰਭਵ ਨਹੀਂ ਕਿ ਉਹ ਕੀ ਲਿਖੇ। ਦੇਖਣਾ ਇਹ ਹੁੰਦਾ ਹੈ ਕਿ ਜੋ ਉਸਨੇ ਲਿਖਿਆ ਹੈ ਉਹ ਕੀ ਹੈ। ਕਵੀ ਕਿਸੇ ਵੀ ਜੁਗਤ ਨਾਲ ਮਨੁੱਖੀ ਵਜੂਦ ਤੇ ਉਸ ਨਾਲ ਜੁੜੇ ਅਣਗਿਣਤ ਪਾਸਾਰਾਂ ਨਾਲ ਗੱਲ ਕਰ ਸਕਦਾ ਹੈ; ਕਿਸੇ ਵੀ ਵਿਸ਼ਵਾਸ ਅਤੇ ਵਿਚਾਰ ਨੂੰ ਤੋੜ ਭੰਨ ਸਕਦਾ ਹੈ; ਕਿਸੇ ਵੀ ਵਸਤ ਅੱਗੇ ਪ੍ਰਸ਼ਨ ਲਗਾ ਸਕਦਾ ਹੈ ਜਾਂ ਨਹੀਂ ਲਗਾ ਸਕਦਾ ਹੈ। ਕਵਿਤਾ ਦੀ ਤਾਕਤ ਇਸੇ ਗੱਲ ‘ਚ ਹੈ ਕਿ ਇਹ ਮਿਥੇ ਅਨੁਸਾਰ ਨਹੀਂ ਚਲਦੀ। ਪੰਜਾਬੀ ਕਵਿਤਾ ਵਿਚ ਪਹਿਲੀ ਵੇਰਾਂ ਇਥੋਂ ਦੇ ਭੂ-ਦ੍ਰਿਸ਼ ਸੁਹਜ ਭਰੇ ਸੁਨੱਖੇ ਵੇਰਵੇ ਅੰਗ ਬਣੇ ਹਨ। ਸਿੱਖ ਇਤਿਹਾਸ ਦੇ ਵੇਰਵੇ ਸਾਂਝੇ ਜਾਤੀਗਤ ਵਿਰਸੇ ਵਾਂਗ ਮਿਲਦੇ ਹਨ। ਮਹਿਬੂਬ ਦੀ ਕਵਿਤਾ ਵਿਚ ਸਿੱਖ ਇਤਿਹਾਸ ਦੇ ਪੰਨੇ ਪੰਜਾਬੀ ਬੰਦੇ ਦੇ ਵਿਸ਼ਵ ਚਿੰਤਨ ਦੇ ਰੂਪ ‘ਚ ਪ੍ਰਗਟ ਹੋਏ ਹਨ। ਉਹ ਸਿੱਖ ਇਤਿਹਾਸ ਨੂੰ ਮਿੱਥ ਸਿਰਜਣ ਤਕ ਪਹੁੰਚਾ ਦੇਂਦਾ ਹੈ ਤਾਂ ਜੋ ਇਹ ਸਮੁੱਚੀ ਪੰਜਾਬੀ ਜਾਤੀ ਦੇ ਸੰਘਰਸ਼ ਤੇ ਦੁਸ਼ਵਾਰੀਆਂ ਦਾ ਅਕਸ ਜਾਪੇ। ਇਤਿਹਾਸ ਨੂੰ ਵਿਚਾਰਧਾਰਾ ਅਧੀਨ ਕਰਕੇ ਨਿੱਕੇ ਮੋਟੇ ਸਬਕ ਤਿਆਰ ਕਰਨਾ ਮਹਿਬੂਬ ਦੀ ਕਵਿਤਾ ਦਾ ਲਕਸ਼ ਨਹੀਂ। ਜੇ ਇਤਿਹਾਸ ਨੂੰ ਪਾਰ-ਇਤਿਹਾਸ ਤੇ ਕਵਿਤਾ ਦੇ ‘ਅਪਹੁੰਚ ਵਿਸ਼ਵ’ ਤਕ ਸਾਰਥਿਕ ਬਣਾਉਣਾ ਹੈ ਤਾਂ ਇਸ ਨੂੰ ਪ੍ਰਤੀਕ ਵਜੋਂ ਵਰਤਣਾ ਉਸ ਦੀ ਕਵਿਤਾ ਦੀ ਮਰਿਆਦਾ ਹੈ। ਮਹਿਬੂਬ ਇਸ ਮਰਿਆਦਾ ਨੂੰ ਭੰਗ ਨਹੀਂ ਹੋਣ ਦੇਂਦਾ, ਉਸ ਇਕ ਕਵਿਤਾ ‘ਚ ਵੀ ਨਹੀਂ ਜਿਸ ਕਵਿਤਾ ਨੂੰ ਲੈ ਕੇ ਰਾਜਧਾਨੀ ਦੇ ਪੱਤਰਕਾਰਾਂ ਨੇ ਤੂਫ਼ਾਨ ਖੜਾ ਕੀਤਾ ਹੈ।

ਇਸ ਕਿਸਮ ਦੇ ਸ਼ੋਰ-ਗੁਲ ਦਾ ਸ਼ਾਇਰ ਨੂੰ ਇਕ ਲਾਭ ਹੋਇਆ। ਸ਼ਾਇਰ ਨੂੰ ਹੀ ਨਹੀਂ, ਪੰਜਾਬੀ ਕਵਿਤਾ ਨੂੰ ਵੀ ਇਹ ਰਾਸ ਆਇਆ। ਇਸ ਨਾਲ ਕਵੀ ਮਹਿਬੂਬ ਦੀ ਗੁੰਮਨਾਮੀ ਤੇ ਅਜਨਬੀਅਤ ਖਤਮ ਹੋਈ। ਕਵਿਤਾ ਦੇ ਪਾਰਖੂਆਂ ਦੀ ਜ਼ਮੀਰ ਵੀ ਟੁੰਬੀ ਗਈ ਕਿ ਕਿਉਂ ਕਵਿਤਾ ਬਾਰੇ ਗੱਲ ਕਵਿਤਾ ਦੀ ਮਰਿਆਦਾ ਤੋਂ ਦੂਰ ਰਹਿ ਕੇ ਕੀਤੀ ਜਾ ਰਹੀ ਹੈ? ਕਿਉਂ ਪੰਜਾਬ ਦੇ ਕਵੀ ਨੂੰ ਪੰਜਾਬ ਨਾਲ ਵਾਪਰੇ ਦੁਖਾਂਤ ਦੀ ਗੱਲ ਕਰਨ ਦੀ ਖੁਲ ਨਹੀਂ? ਇਸ ਤੋਂ ਇਕ ਸੁਨੇਹਾ ਇਹ ਮਿਲਿਆ ਕਿ ਜਿੰਨੀ ਦੇਰ ਤੱਕ ਪੰਜਾਬ ਦੇ ਬੁਧੀਜੀਵੀ ਇਕ-ਮੁੱਠ ਹੋ ਕੇ ਆਪਣੇ ਵਿਰਸੇ ਤੇ ਭਾਸ਼ਾ ਦੀ ਖਾਤਰ ਤਾਕਤਵਰ ਧਿਰ ਨਹੀਂ ਬਣਦੇ, ਦੇਸ਼ ਦੇਸ਼ਾਂਤਰਾਂ ‘ਚ ਇਸ ਤਾਕਤ ਦਾ ਪ੍ਰਮਾਣ ਨਹੀਂ ਦੇਂਦੇ, ਉਨੀ ਦੇਰ ਤਕ ਪੰਜਾਬ ਵਿਰੋਧੀ ਸਿਆਸਤ ਆਪਣਾ ਜੌਹਰ ਦਿਖਾਂਦੀ ਰਵੇਗੀ। ਕਈ ਲੇਖਕਾਂ ਨੇ ਕਿਤਾਬ ਪੜ੍ਹੇ ਬਗ਼ੈਰ, ਸਿਰਫ ਇਕੋ ਕਵਿਤਾ ਬਾਰੇ ਪੜ੍ਹ ਸੁਣ ਕੇ, ਕਿਤਾਬ ਦੇ ਵਿਰੁਧ ਆਪਣੀ ਹਾਜ਼ਰੀ ਲਗਵਾਈ। ਕਵਿਤਾ ਨੂੰ ਕਵਿਤਾ ਵਾਂਗ ਪੜ੍ਹਨ ਦੀ ਜਾਚ ਅੱਜ ਖਤਮ ਹੋ ਰਹੀ ਹੈ।

ਦਹਾਕਿਆਂ ਤੋਂ ਮਹਿਬੂਬ ਕਵਿਤਾ ਲਿਖਦਾ ਆ ਰਿਹਾ ਹੈ ਤੇ ਦਹਾਕਿਆਂ ਤੋਂ ਹੀ ਉਹ ਗੁੰਮਨਾਮ ਰਿਹਾ। ਇਹ ਗੁੰਮਨਾਮੀ ਉਸਦਾ ਚੁੱਪ ਨਾਲ ਕੀਤਾ ਕੋਈ ਅਹਿਦਨਾਮਾ ਹੈ। ਪੂਰੇ ਦਾ ਪੂਰਾ ਆਪਣਾ ਫ਼ੈਸਲਾ। ਅੱਠ ਕਿਤਾਬਾਂ ਦੇ ਖਰੜੇ ਤਿਆਰ ਕਰਕੇ ਸਾਂਭ ਦਿੱਤੇ, ਛਪਵਾਏ ਨਹੀਂ। ਉਸ ਦੇ ਅਚੇਤ ਨੂੰ ਆਪਣੀ ਕਵਿਤਾ ਵਰਗੇ ਹੀ ਵੱਖਰੇ ਜਿਹੇ ਪਾਠਕਾਂ ਦੀ ਲੋੜ ਸੀ। ਉਹ ਸ਼ਾਇਦ ਜਾਣਦਾ ਸੀ ਕਿ ਕਵਿਤਾ ਦੀ ਖਾਤਰ ਥਿਰ ਰਹਿਣ ਵਾਲੇ ਦਿਨ ਗੁੰਮ ਹੋ ਰਹੇ ਹਨ। ਉਸ ਦੀ ਕਵਿਤਾ ਦਾ ਸਮਾਂ ਬਹੁਤ ਪਿਛਾਂਹ ਰਹਿ ਗਿਆ। ਏਨੀ ਲੰਮੀ ਚੁੱਪ। ਦਿਲ ‘ਚ ਖੁੱਭੀ ਅਥਾਹ ਲਗਨ ਅਤੇ ਸ਼ਬਦਾਂ ਦੀ ਟਕਸਾਲ ਨੂੰ ਕਿਸੇ ਲੇਖੇ ਨਾ ਲਗਾਉਣਾ, ਆਪਣੇ ਵਿੰਨ੍ਹੇ ਜਜ਼ਬਾਤ ਨੂੰ ਰੂਹ ਅੰਦਰ ਜਜ਼ਬ ਕਰੀ ਜਾਣਾ, ਸਮੇਂ ਦੀ ਧਾਰਾ ‘ਚੋਂ ਆਪਣੀ ਗੈਰ-ਹਾਜ਼ਰੀ ਸੰਗ ਜੀਵੀ ਜਾਣਾ, ਪਰ ਸ਼ਬਦ ਸਿਰਜਣ ਦਾ ਖਾਤਾ ਕਦੇ ਖਾਲੀ ਨਾ ਰਹਿਣ ਦੇਣਾ; ਵਰਤਮਾਨ ‘ਚੋਂ ਅਤੀਤ ਦਾ ਚਿਹਰਾ ਲਭਣਾ ਤੇ ਅਤੀਤ ਨੂੰ ਅੱਜ ਦੀ ਵਿੱਥ-ਸੂਝ ਤੋਂ ਦੇਖਣਾ, ਕਵਿਤਾ ਦੀ ਕਾਇਨਾਤ ਦੇ ਅਜਿਹੇ ਵਿਹਾਰ ‘ਚ ਮਸਰੂਫ਼ ਕਵੀ ਦੀ ਕਿਸੇ ਮਾਨਤਾ, ਚਰਚਾ ਪਹਿਚਾਣ ਲਈ ਸਿੱਕ ਨਾ ਹੋਣਾ, ਇਹ ਸਭ ਫ਼ਕੀਰੀ ਦੀ ਸਮੱਗਰੀ ਹੈ। ਕਿਸੇ ਅਪਹੁੰਚ ਬੁਲੰਦੀ ਦੀ ਤਾਂਘ ਹੈ ਇਹ। ਲੱਗ ਇਸ ਤਰ੍ਹਾਂ ਰਿਹਾ ਹੈ ਕਿ ਮਹਿਬੂਬ ਜਿ਼ੰਦਗੀ ਭਰ ਪੰਜਾਬ ਦੀ ਰੂਹ ਦੀ ਤਲਾਸ਼ ਕਰਦਾ ਰਿਹਾ, ਕਰਦਾ ਰਹੇਗਾ। ਉਸਦੀ ਕਵਿਤਾ ਨੇ ਬੜੇ ਮੋਹ, ਉਦਾਸੀ, ਦਰਦ ਤੇ ਰੁਦਨ ਨਾਲ ਇਸ ਸੁਆਲ ਨਾਲ ਗੁਫ਼ਤਗੂ ਕੀਤੀ ਹੈ ਕਿ ਗੁੰਮ ਹੋ ਰਹੀ ਪੰਜਾਬ ਦੀ ਆਤਮਾ ਦੇ ਅਸਲ ਦੀਆਂ ਇਕਾਈਆਂ ਕਿਹੜੀਆਂ ਹਨ। ਆਪਣੇ ਇਸ ਅਮਲ ‘ਚੋਂ ਉਸ ਨੇ ਅਨੂਠੀ ਸ਼ਕਤੀ ਪ੍ਰਾਪਤ ਕੀਤੀ ਹੈ। ਸ਼ਕਤੀ ਭਰਿਆ ਮਨੁੱਖ ਹੀ ਆਪਣੀ ਕਿਰਤ ਬਾਰੇ ਚੁੱਪ ਰਹਿੰਦਾ ਹੈ। ਅਜਿਹੀ ਚੁੱਪ ਚੇਤੰਨ ਮਨੁੱਖ ਦੀ ਸਮਿਆਂ ਦੇ ਤਸ਼ੱਦਦ ਨਾਲ ਨਿਪਟਣ ਦੀ ਜੁਗਤ ਹੈ।

ਦਿੱਲੀ ਨੇ ਇਸ ਕਿਤਾਬ ਨੂੰ ਆਪਣਾ ਇਕ ਬਦਨਾਮ ਹੋ ਰਿਹਾ ਇਨਾਮ ਦੇਣ ਦਾ ਐਲਾਨ ਕੀਤਾ। ਸਭਨਾਂ ਨੂੰ ਹੈਰਾਨੀ ਹੋਈ। ਕਵੀ ਨੂੰ ਵੀ ਇਸਦੀ ਹੈਰਾਨੀ ਹੋਈ ਹੋਵੇਗੀ। ਦਿੱਲੀ ਦੀ ਅਸਲੀਅਤ ਜਾਣਨ ਵਾਲਿਆਂ ਨੂੰ ਇਸ ਗੱਲ ਦੀ ਵੀ ਹੈਰਾਨੀ ਹੋਈ ਕਿ ਮਹਿਬੂਬ ਨੇ ਇਹ ਇਨਾਮ ਪ੍ਰਵਾਨ ਕਰ ਲਿਆ ਹੈ। ਜਾਪਦਾ ਇਹ ਹੈ ਕਿ ਚੁੱਪ ਨਾਲ ਸੰਵਾਦ ਕਰਨ ਵਾਲਾ ਇਹ ਕਵੀ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਤ੍ਰਹਿੰਦਾ ਹੈ। ਉਸ ਦੀ ਕਵਿਤਾ ਦੀ ਸੁਰ ਵੀ ਤਣਾਅ ਮੁਕਤ ਹੈ। ਪਰ ਕੀ ਪੰਜਾਬ ਨੂੰ, ਸਾਡੇ ਅੱਜ ਨੂੰ, ਪੰਜਾਬੀ ਬੰਦੇ ਨੂੰ, ਇਹੀ ਕੁਝ ਚਾਹੀਦਾ ਹੈ? ਇਥੇ ਆ ਕੇ ਕਵੀ ਦੀ ਸੀਮਾ ਤੇ ਇਕਹਿਰਾਪਣ ਪ੍ਰਗਟ ਹੁੰਦਾ ਹੈ। ਇਹ ਵੀ ਪਤਾ ਚਲਦਾ ਹੈ ਕਿ ਕਵੀ ਦੇ ਚਿੰਤਨ ਵਿਚ ਕਿਸੇ ਦਵੰਦ ਜਾਂ ਸੰਦੇਹ ਨੂੰ ਥਾਂ ਨਹੀਂ। ਉਹਨੂੰ ਆਪਣੀ ਕਾਵਿ ਭਾਸ਼ਾ ਦੀ ਇਕਸਾਰਤਾ ‘ਤੇ ਵੀ ਸ਼ੱਕ ਨਹੀਂ। ਭਾਸ਼ਾ ਦੇ ਪੱਖੋਂ ਕਵੀ ਕਿਸੇ ਜੱਦੋਜਹਿਦ ਵਿਚ ਪੈਂਦਾ ਨਹੀਂ ਜਾਪਦਾ। ਰਵਾਇਤ ਵਿਚ ਰਹਿ ਕੇ ਇਸ ਤੋਂ ਪਾਰ ਜਾਣ ਦੀ ਲੋੜ ਜੋ ਬਣੀ ਰਹਿੰਦੀ ਹੈ ਕਵੀ ਉਸ ਬਾਰੇ ਤਾਂਘ ਪ੍ਰਗਟ ਨਹੀਂ ਕਰਦਾ। ਅਜਿਹੇ ਦਵੰਦਮੁਕਤ ਚਿੰਤਨ ਕਰਕੇ ਮਹਿਬੂਬ ਆਪਣੀ ਚੁੱਪ ਦੇ ਸੰਸਾਰ ‘ਚ ਬਿਰਾਜਮਾਨ ਹੋ ਕੇ ਨਾ ਤਾਂ ਸਰਕਾਰੀ ਕਿਸਮ ਦਾ ਇਨਾਮ ਰੱਦ ਕਰ ਸਕਿਆ, ਨਾ ਇਨਾਮ ਨਾਲ ਪੈਦਾ ਹੋਏ ਵਿਵਾਦ ਨੂੰ ਤਾਕਤ ਨਾਲ ਨਜਿੱਠ ਸਕਿਆ। ਉਹ ਵੈਰਾਗੀ ਫ਼ਕੀਰਾਂ ਵਾਂਗ ਉਦਾਸੀ ਤੇ ਬੇਚੈਨੀ ‘ਚ ਖੁੱਭ ਗਿਆ।

ਮਹਿਬੂਬ ਦੀ ਕਾਵਿ-ਸੋਚ ‘ਚ ਸ਼ੱਕ ਤੇ ਤਣਾਅ ਨੂੰ ਗੁੰਜਾਇਸ਼ ਨਹੀਂ। ਅਦਨੇ ਮਨੁੱਖ ਦੀਆਂ ਅਦਨੀਆਂ ਗੱਲਾਂ ਦੀ ਗਾਥਾ ਨਹੀਂ। ਮਨੁੱਖ ਦੇ ਨਿਤ-ਪ੍ਰਤਿ ਦਿਨ ਦੇ ਸਾਹਾਂ ਦੇ ਉਤਰਾਅ-ਚੜ੍ਹਾ ਤੋਂ ਪਾਰ ਦੀ ਸਮੱਗਰੀ ਉਸਦੇ ਕਾਵਿ-ਮਨ ਨੂੰ ਵੱਧ ਟੁੰਬਦੀ ਹੈ। ਉਹ ਆਕਾਸ਼ ‘ਚ ਉਡਾਰੀਆਂ ਮਾਰਨ ਵਾਲਾ ਪਾਰਗਾਮੀ ਕਵੀ ਹੈ। ਅਜਿਹੇ ਕਵੀ ਨੂੰ ਧਰਤੀ ‘ਤੇ ਵਾਪਰੀਆਂ ਗੱਲਾਂ ਨਾਲ ਮੋਹ ਨਹੀਂ ਹੁੰਦਾ। ਸਾਹਿਤ ਅਕਾਦਮੀ ਨੇ ਇਨਾਮ ਦੇ ਦਿੱਤਾ, ਪ੍ਰਾਪਤ ਕਰ ਲਿਆ। ਇਹ ਇਨਾਮ ਦੇਣ ਵਾਲਿਆਂ ਦੀ ਮਜਬੂਰੀ ਸੀ। ਬਾਦ ਵਿਚ ਇਸ ਬਾਰੇ ਸ਼ੋਰ ਪਿਆ, ਇਹ ਵੀ ਸ਼ੋਰ ਪਾਉਣ ਵਾਲੀਆਂ ਦੀ ਮਜਬੂਰੀ ਹੋਏਗੀ ਕੋਈ। ਆਕਾਸ਼ ‘ਚ ਉਡਾਰੀਆਂ ਲਗਾਉਣ ਵਾਲੇ ਇਨ੍ਹਾਂ ਨਿੱਕੀਆਂ ਗੱਲਾਂ ਵਲ ਧਿਆਨ ਨਹੀਂ ਦੇਂਦੇ। ਰੁਮਾਂਟਕ ਤੇ ਮਿੱਥਕ ਕਵਿਤਾ ਦੀ ਕਾਇਨਾਤ ਦਾ ਇਹ ਵੱਖਰਾ ਜਿਹਾ ਤਰਕ ਹੈ। ਅੱਜ ਦੀ ਚੇਤਨਾ ਦੇ ਪ੍ਰਸੰਗ ‘ਚ ਇਹ ਤਰਕ ਅਜੀਬ ਲਗਦਾ ਹੈ।

ਤਦ ਹੀ ਤਾਂ ਮੈਂ ਕਿਹਾ ਹੈ ਕਿ ਹਰਿੰਦਰ ਸਿੰਘ ਮਹਿਬੂਬ ਦੀ ਅਤੀਤ ਬਾਰੇ ਚੇਤਨਾ ਹੀ ਉਸਦੀ ਅਨੂਠੀ ਪਛਾਣ ਹੈ। ਇਸ ਵਿਚ ਉਸਦੀ ਸੀਮਾ ਤੇ ਅਮੁੱਕ ਸ਼ਕਤੀ ਹੈ। ਪਰ ਇਹ ਗੱਲ ਸਮਝਣ ਲਈ ਉਸ ਦੀ ‘ਝਨਾਂ ਦੀ ਰਾਤ’ ਦਾ ਪਾਠ ਕਰਨਾ ਜ਼ਰੂਰੀ ਹੈ। ਇਸ ਕਿਤਾਬ ਬਾਰੇ ਲੰਮੀ ਚਰਚਾ ਦੀ ਬਹੁਤ ਗੁੰਜਾਇਸ਼ ਹੈ। ਅਨੇਕਾਂ ਪਰਤਾਂ ਖੋਲਣ ਵਾਲੀਆਂ ਹਨ। ਮਹਿਬੂਬ ਦੀ ਕਵਿਤਾ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ। ਬੇਸ਼ੱਕ ਅਤੀਤ ਦਾ ਬਹੁਤ ਕੁਝ ਭੁਲਾਉਣ ਵਾਲਾ ਹੁੰਦਾ ਹੈ ਪਰ ਬਹੁਤਾ ਕੁਝ ਸਾਂਭਣ ਵਾਲਾ ਵੀ ਹੁੰਦਾ ਹੈ। ਰੁਮਾਂਸ ਤੇ ਯਥਾਰਥ, ਵਰਤਮਾਨ ਤੇ ਭਵਿੱਖ, ਇੱਛਾ ਤੇ ਵਾਸਤਵਿਕਤਾ, ਇਤਿਹਾਸ ਤੇ ਮਿਥ-ਪ੍ਰਵਚਨ ਵਿਚਕਾਰ ਦਵੰਦ ਰਿਸ਼ਤੇ ਨੂੰ ਸਮਝਣ ਵਾਲਾ ਬੰਦਾ ਹੀ ਅੱਜ ਦੀਆਂ ਦੁਸ਼ਵਾਰੀਆਂ ‘ਤੇ ਫਤਹਿ ਪਾ ਸਕਦਾ ਹੈ।

ਮਹਿਬੂਬ ਦੀ ‘ਝਨਾਂ ਦੀ ਰਾਤ’ ਇਸ ਗੱਲੋਂ ਅਹਿਮ ਹੈ ਕਿ ਇਹ ਪੰਜਾਬ ਦੇ ਬੰਦੇ ਵਿਚ ਬੀਤ ਚੁੱਕੇ ਦੀ ਸ਼ਕਤੀ ਬਾਰੇ ਚੇਤਨਾ ਜਗਾਂਦੀ ਹੈ ਪਰ ਜੇ ਇਹ ਬੰਦਾ ਚੇਤਨਾ ਵਾਲੇ ਪਾਸੇ ਮੂੰਹ ਨਾ ਕਰੇ, ਵਸਤਾਂ ‘ਚ ਖੁਭਿਆ ਰਹੇ, ਆਪਣੇ ਅਸਲੇ ਤੋਂ ਦੌੜੇ, ਤਾਂ ਕਵਿਤਾ ਕੁਝ ਨਹੀਂ ਕਰ ਸਕਦੀ। (ਮਾਰਚ 1992)

Comments

Popular posts from this blog

ਸਿੱਖ ਸੰਘਰਸ਼ ਤੇ ਪੰਜਾਬ ਦੇ ਖੱਬੇਪੱਖੀ ਚਿੰਤਨ ਦਾ ਸੰਕਟ

ਆਧੁਨਿਕਤਾ, ਬਰਬਰਤਾ, ਅਤੇ ਪੰਜਾਬੀ ਕਵਿਤਾ

ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾਂ ?