
ਮੁਲਾਕਾਤੀ :ਡਾ. ਵਨੀਤਾ
? ਤੁਹਾਡਾ ਪਿਛੋਕੜ ਵੀ ਭੂਤਵਾੜੇ ਨਾਲ ਸੰਬੰਧਿਤ ਹੈ। ਭੂਤਵਾੜੇ ਤੋਂ ਤੁਸੀਂ ਕਵਿਤਾ ਤੇ ਅਧਿਐਨ ਵਿਚ ਕੀ ਕੁਝ ਪ੍ਰਾਪਤ ਕੀਤਾ?
-ਭੈਣ ਵਨੀਤਾ! ਉਹ ਦਿਨ ਬਹੁਤ ਮਾਸੂਮ ਸਨ। ਉਦੋਂ ਪਿਆਰ ਹੀ ਪਿਆਰ ਸੀ, ਨਿਰੋਲ ਫਕੀਰੀ ਪਿਆਰ ਦੀ ਸਿ਼ੱਦਤ ਦੇ ਦਿਨ ਸਨ ਉਹ। ਘਰ ਨੂੰ ਅੱਠੇ ਪਹਿਰ ਜੰਦਰੇ ਨਾ ਲਾਉਣੇ, ਮਹਿਮਾਨਾਂ ਲਈ ਮਿਹਰਬਾਨ ਬਾਹਾਂ ਵਾਂਗ ਦਰਵਾਜ਼ੇ ਸਦਾ ਖੁਲ੍ਹੇ, ਪੌਣ ਅਹਾਰੀਆਂ ਵਰਗੀ ਬੇਫਿ਼ਕਰੀ, ਆਲੇ ਦੁਆਲੇ ਕਿਤਾਬਾਂ ਹੀ ਕਿਤਾਬਾਂ ਅਤੇ ਕਿਤਾਬਾਂ ਨਾਲ ਹਰ ਵਿਖਾਵੇ ਤੋਂ ਰਹਿਤ ਨਿਰਛਲ ਮੋਹ। ਉਨ੍ਹਾਂ ਦਿਨਾਂ ਵਿਚ ਮੈਂ ਰਿਗ ਵੇਦ, ਉਪਨਿਸ਼ਦਾਂ, ਰੂਸ ਦੇ ਮਹਾਨ ਨਾਵਲ, ਮਾਉ ਦੀਆਂ ਲਿਖਤਾਂ, ਜਿ਼ਦਗੀ ਅਤੇ ‘ਲੰਮੇ ਕੂਚ’ ਦੀ ਗਾਥਾ ਨੂੰ ਸਮਾਧੀ ਵਾਲੇ ਰੰਗ ਵਿਚ ਪੜ੍ਹਿਆ ਅਤੇ ਸੁਣਿਆ। ਜਾਪ ਸਾਹਿਬ ਅਤੇ ਜਪੁਜੀ ਦੇ ਸੈਂਕੜੇ ਪਾਠ ਕੀਤੇ। ਉਨ੍ਹਾਂ ਦਿਨਾਂ ਵਿਚ ਹੀ ਮੈਂ ਜਿ਼ੰਦਗੀ ਦੀ ਅਨੰਦ ਆਭਾ ਦੇ ਰਹੱਸ ਨੂੰ ਬੁੱਝਿਆ, ਜਿਸਦੀ ਰੌਸ਼ਨੀ ਮੇਰੇ ਅੱਜ ਕੱਲ੍ਹ ਲਿਖੇ ਜਾ ਰਹੇ ਲੰਮੇ ਮਹਾ ਕਾਵਿ ਵਿਚ ਛਿਣ-ਛਿਣ ਉਤਰ ਰਹੀ ਹੈ। ਉਨ੍ਹਾਂ ਦਿਨਾਂ ਵਿਚ ਪ੍ਰਾਪਤ ਕੀਤੀ ਆਪ ਮੁਹਾਰੀ ਮਾਸੂਮੀਅਤ ਨੂੰ ਮੈਂ ਤੇ ਲਾਲੀ ਸਾਹਿਬ ਨੇ ਹੁਣ ਤਕ ਸਾਂਭਿਆ ਹੋਇਆ ਹੈ, ਜਦੋਂਕਿ ਚਾਲਾਕ ਵਕਤ ਦੇ ਬੇਰਹਿਮ ਥਪੇੜਿਆਂ ਪਿਛੋਂ ਭੂਤਵਾੜੇ ਦੇ ਬਾਕੀ ਜਿਉਂਦੇ ਮੈਂਬਰਾਂ ਵਿਚ ਉਨ੍ਹਾਂ ਦਿਨਾਂ ਦੀ ਸੁਹਿਰਦਤਾ ਦੀ ਕੋਈ ਕੋਈ ਝਲਕ ਹੀ ਬਾਕੀ ਹੈ (ਦੋ ਮਰ ਚੁੱਕੇ ਹਨ, ਬਹੁਤੇ ਥੱਕੇ ਦੁਨੀਆਦਾਰ ਬਣ ਗਏ ਹਨ, ਨੂਰ, ਭੈਣ ਟਿਵਾਣਾ ਅਤੇ ਡਾ. ਗੁਰਭਗਤ ਸਿੰਘ ਵਿਚ ਕਾਫੀ ਕੁਝ ਬਾਕੀ ਹੈ ਪਰ ਪੁਰਾਣੇ ਦਿਨਾਂ ਦੀ ਨੂਰੀ ਨਿਰਲੇਪਤਾ ਦੇ ਮੈਂ ਤੇ ਲਾਲੀ ਸਾਹਿਬ ਹੀ ਸਹੀ ਜਾਨਸ਼ੀਨ ਹਾਂ। ਅਸਾਂ ਉਨ੍ਹਾਂ ਦਿਨਾਂ ਤੋਂ ਜੋ ਪਾਰੇ ਵਰਗੀ ਰਚਨਾਤਮਕ ਮਸਤੀ ਹਾਸਿਲ ਕੀਤੀ ਸੀ, ਉਹ ਸਹੀ ਸਲਾਮਤ ਹੈ।)
? ਤੁਸੀਂ ਪਹਿਲਾਂ-ਪਹਿਲ ਮਾਓਵਾਦੀ ਅਤੇ ਮਾਰਕਸਵਾਦੀ ਰਹੇ ਤੇ ਬਾਅਦ ਵਿਚ ਬਿਲਕੁਲ ਦੂਜੇ ਪਾਸੇ ਖਾੜਕੂ ਸਿੱਖ ਲਹਿਰ ਦੇ ਹਮਦਰਦ ਬਣੇ-ਇਸ ਦੇ ਕਾਰਨ?
