ਪੰਜਾਬੀ ਕਾਮਰੇਡਾਂ ਦਾ "ਸਿਧਾਂਤਕ" ਪੈਂਤੜਾ

ਪ੍ਰਭਸ਼ਰਨਦੀਪ ਸਿੰਘ

ਕਾਮਰੇਡਾਂ ਵੱਲੋਂ, ਹਿੰਦੁਸਤਾਨੀ ਹਕੂਮਤ ਦੀ ਤਰਜ਼ ਤੇ, ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਨੂੰ ਸਮੱਸਿਆ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਸਮੱਸਿਆ ਕੀ ਹੈ? ਕਾਮਰੇਡਾਂ ਮੁਤਾਬਕ: ਪੰਜਾਬ ਹੱਸ ਰਿਹਾ ਸੀ, ਨੱਚ ਰਿਹਾ ਸੀ, ਗਾ ਰਿਹਾ ਸੀ। ਕੁਝ ਲੋਕ ਆਏ ਤੇ ਉਹਨਾਂ ਨੇ ਕੁਝ ਮਸਲੇ ਛੇੜ ਦਿੱਤੇ। ਪੰਜਾਬ ਵਿਚ ਇਕ ਅੱਗ ਲੱਗੀ। ਇਸ ਦੀ ਧਰਤੀ ਨੇ ਬਹੁਤ ਉਜਾੜਾ ਵੇਖਿਆ। ਇਹ ਧਰਤੀ ਬਹੁਤ ਪੀੜ ਤੇ ਅਕਹਿ ਅਪਮਾਨ ‘ਚੋਂ ਲੰਘੀ। ਇਹ ਰੰਗਲੀ ਧਰਤੀ ਲਹੂ ਲੁਹਾਣ ਹੋ ਗਈ। ਇਹ ਮਸਲੇ ਛੇੜਨ ਵਾਲੇ ਲੋਕ ਕੌਣ ਸਨ? ਬਿਨਾਂ ਸ਼ੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ ਤੇ ਉਨਾਂ ਦੇ ਸਾਥੀ ਸਿੰਘ ਸਨ, ਜਿਨਾਂ ਨੇ ਇਹ ਮਸਲੇ ਛੇੜੇ। ਜੁਝਾਰੂ ਸਿੰਘ, ਜਿਹਨਾਂ ਨੇ ਜੂਨ ਚੁਰਾਸੀ ਤੋਂ ਬਾਅਦ ਲੜਾਈ ਇਕ ਨਵੇਂ ਸਿਰੇ ਤੋਂ ਵਿੱਢੀ, ਜਿਹੜੇ ਕਈ ਸਾਲ ਆਪਣੇ ਸਾਰੇ ਤਾਣ ਨਾਲ ਲੜਦੇ ਰਹੇ, ਐਨੇ ਜ਼ੋਰ ਨਾਲ ਕਿ ਇਕ ਇਕ ਸਾਲ ਇਕ ਇਕ ਦਹਾਕੇ ਵਰਗਾ ਹੋ ਗਿਆ। ਕੌਣ ਸਨ ਇਹ ਲੋਕ? ਪੰਜਾਬ ਦੀ ਧਰਤੀ ਨੂੰ ਮੁਹੱਬਤ ਕਰਨ ਦਾ ਦਾਅਵਾ ਕਰਨ ਵਾਲੇ ਦਾਨਿਸ਼ਵਰ ਅਕਸਰ ਇਹ ਸੁਆਲ ਕਰਦੇ ਹਨ ਕਿ ਕੌਣ ਸਨ ਜਿਹਨਾਂ ਨੇ ਹੱਸਦੇ-ਵੱਸਦੇ ਪੰਜਾਬ ਨੂੰ ਕਬਰਿਸਤਾਨ ਵਿਚ ਤਬਦੀਲ ਕਰ ਦਿੱਤਾ? ਕੌਣ ਸਨ ਜਿਨਾਂ ਨੇ ਇਸ ਦੀ ਪਾਵਨ ਮਿੱਟੀ ਲਹੂ ਨਾਲ ਸਿੰਜ ਦਿੱਤੀ? ਅੱਜ ਅਸੀਂ ਇਨਾਂ ਸੁਆਲਾਂ ਦੇ ਦਰਪੇਸ਼ ਹੋਣਾ ਹੈ ਜਾਂ ਸ਼ਾਇਦ ਇਨਾਂ ਸੁਆਲਾਂ ਦੇ ਸਥਾਪਤ ਹੋ ਚੁੱਕੇ ਜੁਆਬਾਂ ਦੀ ਗੱਲ ਕਰਨੀ ਹੈ।

ਪਰ ਗੱਲ ਇਉਂ ਕੀਤੀ ਜਾ ਨਹੀਂ ਸਕਦੀ। ਗੱਲ ਕਿਤੋਂ ਹੋਰ ਸ਼ੁਰੂ ਕਰਨੀ ਪੈਣੀ ਹੈ ਕਿਉਂਕਿ ਗੱਲ ਜਿੰਨੀ ਸਿੱਧ ਪੱਧਰੀ ਬਣਾ ਕੇ ਪੇਸ਼ ਕੀਤੀ ਜਾ ਰਹੀ ਹੈ, ਓਨੀ ਅਸਲ ਵਿਚ ਹੈ ਨਹੀਂ। ਗੱਲ ਪੰਜਾਬ ਦੀ ਧਰਤੀ ਤੇ ਇਸ ਨਾਲ ਜੁੜੀ ਮੁਹੱਬਤ ਤੋਂ ਸ਼ੁਰੂ ਕਰਨੀ ਪੈਣੀ ਹੈ। ਇਸ ਨਾਲ ਜੁੜੀ ਮੁਹੱਬਤ ਜਾਂ ਇਸ ਨਾਲ ਜੋੜ ਕੇ ਪ੍ਰਚਾਰੀ ਜਾ ਰਹੀ ਮੁਹੱਬਤ ਦੀ ਗੱਲ ਕਰਨ ਦੀ ਲੋੜ ਹੈ। ਮੁਹੱਬਤ ਤੇ ਵਿਚਾਰਧਾਰਾ ਦੇ ਅਨਜੋੜ ‘ਚੋਂ ਪੈਦਾ ਹੋਏ ਵਪਾਰਕ ਰਿਸ਼ਤੇ ਤੋਂ ਗੱਲ ਸ਼ੁਰੂ ਕਰਨ ਦੀ ਜ਼ਰੂਰਤ ਹੈ। ਕੌਣ ਹਨ ਪੰਜਾਬ ਦੀ ਮੁਹੱਬਤ ਦੇ ਦਾਅਵੇਦਾਰ? ਜੇ ਇਹ ਕਮਿਊਨਿਸਟ ਹਨ ਤਾਂ ਪੰਜਾਬ ਦੀ ਧਰਤੀ ਉਲਝੇ, ਥੱਕੇ-ਹਾਰੇ, ਨਿਰਾਸ਼ ਹੋਏ ਕਮਿਊਨਿਸਟਾਂ ਦੀ ਜਗੀਰ ਨਹੀਂ। ਕਮਿਊਨਿਸਟਾਂ ਨੇ ਪੰਜਾਬ ਦੇ ਹੋਣ ਦੇ ਬਜਾਏ ਆਪਣੇ ਆਪ ਨੂੰ ਨਿਥਾਵੇਂ ਬਣਾਉਣ ਨੂੰ ਤਰਜੀਹ ਦਿੱਤੀ ਹੈ। ਕਮਿਊਨਿਸਟਾਂ ਨੇ ਪੰਜਾਬ ਦੇ ਦਰਦ ਨਾਲ ਦਗ਼ਾ ਕਮਾਇਆ ਹੈ। ਉਨਾਂ ਨੇ ਸੰਨ ਸੰਤਾਲੀ ਦੇ ਦੁੱਖ ਨੂੰ ਆਪਣਾ ਸੌਦਾ ਵੇਚਣ ਲਈ ਵਰਤਿਆ ਹੈ। ਵਾਰਿਸ ਸ਼ਾਹ ਦੇ ਨਾਂ ‘ਤੇ ਯੂਰਪੀ ਸੈਕੂਲਰਇਜ਼ਮ ਦਾ ਲਾਂਗਾ ਢੋਇਆ ਹੈ। ਬੀਬੀ ਨੇ ਵਾਰਿਸ਼ ਸ਼ਾਹ ਨੂੰ ਵਾਜਾਂ ਕਿਵੇਂ ਮਾਰੀਆਂ, ਇਹ ਤਾਂ ਸ਼ਾਇਦ ਉਹਨੂੰ ਵੀ ਨਾ ਪਤਾ ਹੋਵੇ, ਪਰ ਜਿਵੇਂ ਉਸ ਗੱਲ ਦਾਂ ਕਾਮਰੇਡਾਂ ਨੇ ਜਨਾਜ਼ਾ ਕੱਢਿਆ, ਇਹ ਸਾਨੂੰ ਜ਼ਰੂਰ ਪਤਾ ਹੈ। ਸਿਰਜਣਾ ਦੇ ਖਿਣਾਂ ਵਿਚ ਇਕ ਬੇਖ਼ਬਰੀ ਹੁੰਦੀ ਹੈ। ਅਰਥਾਂ ਤੋਂ, ਭਾਵ ਤੋਂ, ਕੋਈ ਉਚੇਰੀ ਗੱਲ ਹੁੰਦੀ ਹੈ, ਜਿਸ ਨੂੰ ਫੜ ਲੈਣ ਦਾ ਕਵੀ ਵਿਚ ਵੀ ਤਾਣ ਨਹੀਂ ਹੁੰਦਾ। ਕਵਿਤਾ ਉਸ ਗੱਲ ਦੇ ਹੋਣ ਦੇ ਅਹਿਸਾਸ ‘ਚੋਂ ਆਏ ਨਿੱਘ ਵਿਚ ਜਿਉਂਦੀ ਹੈ, ਵਿਗਸਦੀ ਹੈ। ਇਸ ਨੂੰ ਇਉਂ ਸਿੱਧ ਪੱਧਰਾ ਬਣਾ ਕੇ ਪ੍ਰਚਾਰਨਾ ਇਕ ਹੋਛਾ ਆਪਹੁਦਰਾਪਣ ਹੈ। ਕਵੀ ਦੀ ਪ੍ਰਵਾਨਗੀ ਵੀ ਇਸ ਲਈ ਕਾਫ਼ੀ ਹੋਵੇ, ਜ਼ਰੂਰੀ ਨਹੀਂ, ਕਿਉਂਕਿ ਉਹਨਾਂ ਖਿਣਾਂ ‘ਚੋਂ ਬਾਹਰ ਆ ਕੇ ਕਵੀ ਵੀ ਕੋਈ ਹੋਰ ਹੈ। ਕਮਿਊਨਿਸਟਾਂ ਨੇ ਅਜਿਹੇ ਹੋਛੇਪਣ ਵਿਚ ਕੋਈ ਕਸਰ ਨਹੀਂ ਛੱਡੀ। ਪੰਜਾਬ ਦੀ ਧਰਤੀ ਨਾਲ ਜਤਾਇਆ ਕਬਜ਼ੇ ਦਾ ਅਧਿਕਾਰ, ਕਮਿਊਨਿਸਟਾਂ ਦੀ ਵੱਡੀ ਬਦਤਮੀਜ਼ੀ ਸੀ। ਇਥੋਂ ਤੱਕ ਕਿ ਉਹ ਸਿੰਘਾਂ ਦੇ ਪੰਜਾਬ ਦੀ ਧਰਤੀ ਨਾਲ ਲਗਾਓ ਨੂੰ ਚੁਣੌਤੀਆਂ ਦੇਣ ਲੱਗੇ। ਅੱਜ ਸਿੰਘਾਂ ਅੱਗੇ ਇਹ ਸ਼ਰਤ ਹੋ ਗਈ ਹੈ ਕਿ ਉਹ ਪੰਜਾਬ ਦੀ ਧਰਤੀ ਨਾਲ ਮੁਹੱਬਤ ਦਾ ਇਜ਼ਹਾਰ ਕਮਿਊਨਿਸਟਾਂ ਵਾਂਗੂੰ ਕਰਨ ਜਾਂ ਫਿਰ ਉਨਾਂ ਦੇ ਫ਼ਤਵਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਅਸੀਂ ਪੰਜਾਬ ਦੀ ਧਰਤੀ ਨਾਲ ਉਹ ਵਫ਼ਾ ਪਾਲੀ ਹੈ ਜਿਸ ਦਾ ਕੋਈ ਸਾਨੀ ਨਹੀਂ। ਪਰ ਅਸੀਂ ਧਰਤੀ ਦੇ ਹਾਂ, ਧਰਤੀ ਦੇ ਇਕ ਟੁਕੜੇ ਦੇ ਨਹੀਂ। ਅਸੀਂ ‘ਮਾਤਾ ਧਰਤਿ ਮਹਤੁ‘ ਦੇ ਅਲਾਪ ਨਾਲ ਆਪਣੀ ਸਵੇਰ ਦਾ ਆਰੰਭ ਕਰਦੇ ਹਾਂ। ਅਸੀਂ ਆਖ਼ਰੀ ਦਮ ਤੱਕ ਪੰਜਾਬ ਦੀ ਧਰਤੀ ਦੇ ਹੋ ਕੇ ਵੀ ਇਸ ਦੇ ਮੋਹ ਤੋਂ ਪਾਰ ਹਾਂ। ਸਾਡੇ ਲਈ ਪਾਉਂਟਾ ਸਾਹਿਬ, ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਸਦਾ ਹੀ ਧੂਹ ਪਾਉਣ ਵਾਲੇ ਅਸਥਾਨ ਰਹੇ ਹਨ। ਬਗਦਾਦ ਤੇ ਮੱਕੇ ਮਦੀਨੇ ਦੀਆਂ ਧਰਤੀਆਂ ਤੇ ਹੋਈਆਂ ਬਾਬਾ ਜੀ ਦੀਆਂ ਪੈੜਾਂ ਸਾਡੇ ਮੱਥੇ ਨੂੰ ਹਰਦਮ ਲੋਅ ਵਿਖਾਉਂਦੀਆਂ ਰਹਿੰਦੀਆਂ ਹਨ। ਜਦ ਕਦੇ ਵੀ ਸਾਨੂੰ ਉਹਨਾਂ ਥਾਵਾਂ ਦੇ ਦੀਦਾਰ ਹੋਣਗੇ ਸਾਡਾ ਮੱਥਾ ਇਉਂ ਢਹਿ ਪਵੇਗਾ ਕਿ ਜਿਵੇਂ ਕਦੇ ਨਹੀਂ। ਧਰਤੀ ਧਰਮਸਾਲ ਹੈ, ਸਭਿਆਚਾਰਕ ਜਾਂ ਨਸਲੀ ਪਛਾਣ ਮਨੁੱਖ ਦੀ ਹਸਤੀ ਨੂੰ ਸੀਮਤ ਕਰਨ ਦਾ ਨਾਂ ਹੈ। ਧਰਤੀ ਪਾਵਨ ਹੈ, ਪੰਜਾਬ ਸਾਡਾ ਆਪਣਾ ਹੈ, ਪਰ ਬੰਦੇ ਦੀ ਜੜ ਕਿਤੇ ਹੋਰ ਲੱਗੀ ਹੈ। ਬੰਦਾ ਧਰਤੀ ਦਾ ਜਾਇਆ ਹੋ ਕੇ ਵੀ ਇਸ ਦੇ ਮੋਹ ਦੇ ਬੰਧਨਾਂ ਤੋਂ ਪਾਰ ਹੈ। ਕਮਿਊਨਿਸਟ ਤਾਂ ਇਹ ਨਹੀਂ ਜਾਣਦੇ ਪਰ ਪੰਜਾਬ ਦੀਆਂ ਮਾਵਾਂ, ਭੈਣਾਂ, ਧੀਆਂ ਜਿਹੜੀਆਂ ਸਦੀਆਂ ਤੋਂ ਇਹ ਗਾਉਂਦੀਆਂ ਆ ਰਹੀਆਂ ਹਨ ਕਿ ‘ਜਨਮ ਗੁਰਾਂ ਦਾ ਪਟਨੇ ਸਾਹਿਬ ਦਾ', ਜਾਣਦੀਆਂ ਹਨ ਕਿ ਧਰਤੀ ਉਹੀ ਪਾਵਨ ਹੈ ਜਿਹੜੀ ਨਿਵਾਜੀ ਗਈ। ਜਿਹੜੀ ਗੁਰੂ ਨੇ ਨਿਵਾਜ ਦਿੱਤੀ ਉਹੀ ਸਾਡੀ ਹੈ।
ਸਿੰਘਾਂ ਨੇ ਧਰਤੀ ਨੂੰ ਨਿਵਾਜਣ ਵਾਲੇ ਖਿਣਾਂ ਨਾਲ ਅਪਣੱਤ ਪਾਲ਼ੀ ਤੇ ਉਸ ਨਾਲ ਬੰਦ-ਬੰਦ ਕਟਾ ਕੇ ਨਿਭੇ। ਕਮਿਊਨਿਸਟ ਇਹ ਸਮਝ ਨਹੀਂ ਸਕੇ। ਉਹ ਸਦਾ ਇਸ ਤੋਂ ਵਿੱਥ ਤੇ ਜਿਉਂਦੇ ਰਹੇ। ਉਹ ਬਹੁਤ ਬੁਰੇ ਫਸ ਗਏ। ਧਰਤੀ, ਧਰਮ, ਸਭਿਆਚਾਰ ਜਾਂ ਵਿਚਾਰਧਾਰਾ ਆਦਿਕ ਬਾਰੇ ਕਮਿਊਨਿਸਟਾਂ ਦੇ ਨਜ਼ਰੀਏ ਦੀ ਪੜਚੋਲ ਦੀ ਗੱਲ ਤਾਂ ਛੱਡੋ, ਕਮਿਊਨਿਸਟਾਂ ਨੇ ਆਪ ਵੀ ਇਨਾਂ ਗੱਲਾਂ ਬਾਰੇ ਆਪਣੀਆਂ ਧਾਰਨਾਵਾਂ ਦੀ ਪੜਚੋਲ ਨਹੀਂ ਕੀਤੀ। ਜਿਸ ਨੂੰ ਸੰਵਾਦ ਕਹਿੰਦੇ ਹਨ ਉਹ ਪਿਛਲੀ ਡੇਢ ਸਦੀ ਦੇ ਇਸ ਕਥਿਤ ਆਧੁਨਿਕ ਦੌਰ ਵਿਚ ਕਦੇ ਸ਼ੁਰੂ ਹੀ ਨਹੀਂ ਹੋਇਆ। ਕਮਿਊਨਿਸਟਾਂ ਨੇ ਇਕ ਆਪਾ ਧਾਪੀ ਵਿਚ ਹੀ ਮਾਰਕਸਵਾਦ ਤੇ ਸਮਾਜਵਾਦ ਦੇ ਨਾਂ ਤੇ ਗਾਹ ਪਾਈ ਰੱਖਿਆ। ਭਾਜੜਾਂ ਹੀ ਪਾਈ ਰੱਖੀਆਂ। ਕਦੇ ਚੈਨ ਦੇ ਦੋ ਪਲ ਹਾਸਲ ਹੀ ਨਹੀਂ ਕਰ ਸਕੇ ਜਦੋਂ ਉਹ ਸੋਚ ਸਕਣ ਕਿ ਅਸਲ ਵਿਚ ਚੱਲ ਕੀ ਰਿਹਾ ਹੈ। ਯੂਰਪ, ਰੂਸ, ਜਾਂ ਚੀਨ ਵਿਚ ਕੀ ਚੱਲ ਰਿਹਾ ਹੈ ਤੇ ਪੰਜਾਬ ਦੀ ਧਰਤੀ ‘ਤੇ ਕੀ ਹੋ ਰਿਹਾ ਹੈ। ਪੇਤਲੀ ਸਮਝ ‘ਚੋਂ ਨਿਕਲੀ ਹੋਛੀ ਨਾਅਰੇਬਾਜ਼ੀ ਨਾਲ ਪੰਜਾਬ ਦੀ ਧਰਤੀ ਦੇ ਉਜਾੜੇ ਦਾ ਮੁੱਢ ਅਸਲ ਵਿਚ ਬੰਨਿਆ ਹੀ ਕਮਿਊਨਿਸਟਾਂ ਨੇ। ਸਥਿਤੀ ਦਾ ਵਿਅੰਗ ਇਹ ਸੀ ਕਿ ਮਨੁੱਖੀ ਬਰਾਬਰੀ ਦੇ ਸਿਧਾਂਤ ਦੇ ਦਾਅਵੇਦਾਰ ਹਿੰਦੂ ਰਾਸ਼ਟਰਵਾਦੀ ਰਾਜ ਦੇ ਹੱਥ ਠੋਕੇ ਬਣ ਕੇ ਰਹਿ ਗਏ। ਪੰਜਾਬ ਵਿਚ ਅਮਨ ਦੀਆਂ ਦੁਹਾਈਆਂ ਦੇਣ ਵਾਲੇ ਕਮਿਊਨਿਸਟਾਂ ਨੇ ਕਦੇ ਇਹ ਸਮਝਿਆ ਹੀ ਨਹੀਂ ਕਿ ਯੂਰਪ ਦੇ ਸੈਕੂਲਰ ਕੌਮੀ ਰਾਜ ਦੀ ਤਰਜ਼ ‘ਤੇ ਹਿੰਦੂ ਰਾਸ਼ਟਰ ਦਾ ਉਸਾਰਿਆ ਜਾਣਾ ਅਸਲ ਵਿਚ ਸਮੱਸਿਆ ਹੈ। ਅਮਨ, ਦੋਸਤੀ ਤੇ ਮੁਹੱਬਤ ਦੇ ਨਾਂ ਤੇ ਆਪਣੀ ਖੱਪ ਨੂੰ ਵਾਜਬ ਠਹਿਰਾਉਣ ਵਾਲੇ ਇਹ ਵੇਖਣ ਜੋਗਾ ਠਰੰਮਾ ਹੀ ਹਾਸਲ ਨਹੀਂ ਕਰ ਸਕੇ ਕਿ ਐਨਲਾਈਟਨਮੈਂਟ ਫਲਸਫ਼ੇ ਨਾਲ ਜੁੜੀ ਮੈਟਾਫਿਜ਼ਿਕਸ ਤੇ ਇਸ ਵਿਚੋਂ ਨਿਕਲਿਆ ਸਾਮਰਾਜਵਾਦੀ ਬਿਰਤਾਂਤ ਦੁਨੀਆ ਤੇ ਕਿਸ ਕਿਸਮ ਦੀਆਂ ਤਬਦੀਲੀਆਂ ਲਿਆ ਰਿਹਾ ਹੈ? ਇਸ ਨੂੰ ਦਿੱਤਾ ਗਿਆ ਮਾਰਕਸਵਾਦੀ ਜੁਆਬ ਅਸਲ ਵਿਚ ਕੀ ਸੀ? ਇਸ ਸਭ ਕੁਝ ਨੂੰ ਯੂਰਪ ਦੇ ਰੂਹਾਨੀ ਸੰਕਟ ਵਜੋਂ ਕਿਵੇਂ ਵੇਖਣਾ ਹੈ। ਈਸਾਈਅਤ ਦੇ ਨਾਂ ਤੇ ਗੋਰੀ ਨਸਲ ਨੂੰ ਜ਼ਮੀਨ ਮੁਹੱਈਆ ਕਰਵਾਉਣ ਵਾਲੇ ਹੇਗਲ ਨਾਲ਼ ਕਾਰਲ ਮਾਰਕਸ ਦਾ ਅਸਲ ਵਿਚ ਕੀ ਸੰਬੰਧ ਹੈ? ਮਾਰਕਸ ਹੇਗਲ ਦੇ ਘੇਰੇ ਤੋਂ ਕਿੰਨਾ ਕੁ ਬਾਹਰ ਹੈ? ਫਰਾਇਡ ਤੇ ਯੁੰਗ ਦੇ ਸੰਵਾਦ ਦੇ ਕੀ ਆਧਾਰ ਹਨ? । ਦੈਰਿਦਾ ਦਾ ਨਿਤਸ਼ੇ, ਹਾਈਡਿਗਰ ਤੇ ਮੈਟਾਫਿਜ਼ਿਕਸ ਦੀ ਪੂਰੀ ਪ੍ਰੰਪਰਾ ਨਾਲ ਸੰਵਾਦ ਅਸਲ ਵਿਚ ਕੀ ਹੈ ? ਇਹ ਕੁਝ ਸਵਾਲ ਹਨ ਜੋ ਮੈਂ ਅਜੇ ਸਿਰਫ ਸਾਹਮਣੇ ਲਿਆ ਰਿਹਾ ਹਾਂ। ਪਰ ਮੈਂ ਇਨਾਂ ਦੇ ਜਵਾਬ ਦੇਣ ਦੀ ਗੁਸਤਾਖੀ ਹਰਗਿਜ਼ ਨਹੀਂ ਕਰ ਰਿਹਾ। ਮੈਂ ਤਾਂ ਇਹ ਕਹਿ ਰਿਹਾ ਹਾਂ ਕਿ ਪੰਜਾਬ ਦੇ ਕਮਿਊਨਿਸਟ ਕਦੇ ਇਨਾਂ ਸਵਾਲਾਂ ਦੇ ਦਰਪੇਸ਼ ਨਹੀਂ ਹੋਏ। ਉਹਨਾਂ ਨੇ ਚੱਜ ਨਾਲ ਮਾਰਕਸਵਾਦ ਵੀ ਨਹੀਂ ਸਮਝਿਆ। ਉਨਾਂ ਨੇ ਪੰਜਾਬ ਦੀ ਧਰਤੀ ਤੇ ਖਰੂਦ ਹੀ ਪਾਈ ਰੱਖਿਆ। ਉਨਾਂ ਦੀ ਕਵਿਤਾ ਪੰਜਾਬ ਦੇ ਗੀਤਾਂ ਨੂੰ ਖਾ ਗਈ ਤੇ ਉਨਾਂ ਦੀ ਗਲਪ ਨੇ ਪੰਜਾਬ ਦੇ ਰਿਸ਼ਤਿਆਂ ਦਾ ਘਾਣ ਕਰ ਦਿੱਤਾ। ਉਨਾਂ ਦੇ ਲੇਖਾਂ ਨੇ ਉਹ ਖੱਪ ਪਾਈ ਕਿ ਕਿਸੇ ਬੰਦੇ ਲਈ ਸੋਚਣ ਵਿਚਾਰਨ ਦੇ ਦੋ ਪਲ਼ ਹਾਸਲ ਕਰਨੇ ਮੁਹਾਲ ਹੋ ਗਏ।
ਇਹ ਕਮਿਊਨਿਸਟ ਜਦ ਇਹ ਦੁਹਾਈ ਪਾਉਂਦੇ ਹਨ ਕਿ ਰੰਗਲਾ ਪੰਜਾਬ ਕੁਝ ਕੱਟੜਵਾਦੀਆਂ ਨੇ ਉਜਾੜ ਕੇ ਰੱਖ ਦਿੱਤਾ ਤਾਂ ਇਹ ਨਹੀਂ ਸਮਝਦੇ ਕਿ ਇਨਾਂ ਵੱਲੋਂ ਅਮਨ ਕਾਇਮ ਰੱਖਣ ਲਈ ਦਿੱਤੀ ਦੁਹਾਈ ਦਾ ਅਰਥ ਹੈ ਕਿ ਜੋ ਹੈ ਸੋ ਠੀਕ ਹੈ। ਭਾਰਤ ਦੀ ਇਕ ਕੌਮੀ ਰਾਜ ਤੌਰ ਤੇ ਹੋਈ ਕਾਇਮੀ ਇਕ ਕੁਦਰਤੀ ਵਰਤਾਰਾ ਹੈ ਤੇ ਇਸ ਦਾ ਬਦਲ ਇਸ ਦੇ ਆਰਥਿਕ ਤੇ ਸਿਆਸੀ ਢਾਂਚੇ ਦੀ ਤਬਦੀਲੀ ਹੀ ਹੈ। ਅਜਿਹਾ ਕਹਿੰਦਿਆਂ ਉਹ ਕੌਮੀ ਰਾਜ ਤੇ ਇਸਦੇ ਮਾਰਕਸਵਾਦੀ ਬਦਲ ਦੋਹਾਂ ਦੀ ਅਸਲੀਅਤ ਨਹੀਂ ਸਮਝਦੇ। ਪੰਜਾਬ ਦੇ ਕਮਿਊਨਿਸਟਾਂ ਨੂੰ ਇਹ ਜਾਨਣ ਦੀ ਲੋੜ ਹੈ ਕਿ ਖੱਬੇ ਪੱਖੀ ਤੇ ਸੱਜੇ ਪੱਖੀ ਹਿਗੇਲੀਅਨ ਇਕੋ ਘੇਰੇ ਵਿਚ ਕਿਵੇਂ ਘੁੰਮ ਰਹੇ ਹਨ। ਇਕ ਪਾਸੇ ਜਾਰਜ ਸੱਜੇ ਪੱਖੀ ਪੱਛਮੀ (ਖਾਸ ਕਰ ਅਮਰੀਕਨ) ਸਿਆਸਤਦਾਨ ਈਸਾਈਅਤ ਦੇ ਦਾਅਵੇਦਾਰ ਬਣ ਕੇ ਅੱਗੇ ਆ ਰਹੇ ਹਨ ਤੇ ਅਮਰੀਕਨ ਜਨਤਾ ਅਕਸਰ ਉਹਨਾਂ ਦੇ ਇਸ ਦਾਅਵੇ ਤੇ ਮੋਹਰ ਵੀ ਲਾਉਂਦੀ ਰਹੀ ਹੈ, ਦੂਜੇ ਪਾਸੇ ਫੂਕੋ ਦੀ ਧਾਰਾ ਨਾਲ ਸਬੰਧਿਤ ਵਿਦਵਾਨ ਅਮਰੀਕਨ ਪੂੰਜੀਵਾਦ ਬਾਰੇ ਸਖ਼ਤ ਅਲੋਚਨਾਤਮਕ ਸੁਰ ਅਪਣਾਉਂਦਿਆਂ, ਮਾਰਕਸਵਾਦੀ ਬਿਰਤਾਂਤ ਦੇ ਆਸਰੇ ਨਾਲ ਈਸਾਈਅਤ ਦੀ ਬਿਹਤਰ ਪ੍ਰੀਭਾਸ਼ਾ ਦੇਣ ਦੀ ਕੋਸ਼ਿਸ਼ ਕਰਦੇ ਹਨ। ਕਹਿਣ ਤੋਂ ਭਾਵ ਗੱਲ ਕੁਝ ਹੋਰ ਹੈ ਤੇ ਪੰਜਾਬ ਦੇ ਕਮਿਊਨਿਸਟ ਉਹਨੂੰ ਹੋਰ ਹੀ ਸਮਝ ਰਹੇ ਹਨ। ਉਨਾਂ ਦੀ ਮਾਰਕਸਵਾਦ ਬਾਰੇ ਸਮਝ ਬਹੁਤ ਸਿੱਧੜ ਜਿਹੀਆਂ ਧਾਰਨਾਵਾਂ ‘ਤੇ ਆਧਾਰਿਤ ਹੈ। ਇਸ ਲਈ ਉਨਾਂ ਵੱਲੋਂ ਕੌਮੀ ਰਾਜ ਦੀ ਪ੍ਰੀਭਾਸ਼ਾ ਤੇ ਇਸ ਦੇ ਬਦਲ ਬਾਰੇ ਧਾਰਨ ਕੀਤੀ ਪਹੁੰਚ ਨੂੰ ਪ੍ਰਮਾਣਿਕ ਮੰਨਣ ਦਾ ਕੋਈ ਠੋਸ ਆਧਾਰ ਨਹੀਂ ਹੈ। ਕਹਿਣ ਨੂੰ ਤਾਂ ਜੀਅ ਕਰਦਾ ਹੈ ਕਿ ਉੱਤਰਆਧੁਨਿਕ ਬਿਰਤਾਂਤ ਦਾ ਅਨੁਭਵ ਅਜਿਹੀ ਸਥਿਤੀ ਵਿਚ ਮੱਦਦਗਾਰ ਸਾਬਤ ਹੋ ਸਕਦਾ ਹੈ ਪਰ ਪੰਜਾਬ ਦੇ ਕਮਿਊਨਿਸਟਾਂ ਨੂੰ ਤਾਂ ਆਧੁਨਿਕਤਾਵਾਦੀ ਫਲਸਫੇ ਦਾ ਹੀ ਪਤਾ ਨਹੀਂ, ਉੱਤਰ-ਆਧੁਨਿਕਵਾਦ ਇਹ ਕੀ ਪੜਨਗੇ। ਇਸ ਲਈ ਖਾਲਿਸਤਾਨ ਦੀ ਲਹਿਰ ਦੇ ਸਬੰਧ ਵਿਚ ਅਮਨ ਕਾਨੂੰਨ ਦੇ ਨਾਂ ‘ਤੇ ਪੰਜਾਬ ਦੇ ਕਾਮਰੇਡਾਂ ਵੱਲੋਂ ਮਚਾਏ ਰਾਮ-ਰੌਲੇ ਵਿਚ ਨਾ ਤਾਂ ਧਰਤੀ ਨਾਲ ਕੋਈ ਗੂੜ੍ਹੀ ਮੁਹੱਬਤ ਨਜ਼ਰ ਆਉਂਦੀ ਹੈ ਨਾ ਹੀ ਸਥਿਤੀ ਦੀ ਸਹੀ ਸਮਝ। ਇਨ੍ਹਾਂ ਨੂੰ ਆਪਣੀ ਸਥਿਤੀ ਦਾ ਵੀ ਸਹੀ ਸਹੀ ਜਾਇਜ਼ਾ ਨਹੀਂ ਕਿ ਕਿਸੇ ਮਸਲੇ ਵਿਚ ਇਨ੍ਹਾਂ ਦੀ ਜਾਇਜ਼ ਪਹੁੰਚ ਕੀ ਬਣਦੀ ਹੈ। ਸਿੱਖਾਂ ਦੀ ਆਜ਼ਾਦੀ ਦੀ ਲੜਾਈ ਨੂੰ ਮਹਿਜ਼ ਇਸ ਕਰਕੇ ਨਕਾਰਨਾ ਕਿ ਵਸਦਾ ਰਸਦਾ ਰੰਗਲਾ ਪੰਜਾਬ ਉਜੜ ਗਿਆ, ਕਮਿਊਨਿਸਟਾਂ ਦੇ ਅਨੁਭਵ ਨੂੰ ਸਾਰੇ ਵਰਤਾਰੇ ਤੋਂ ਅਲਹਿਦਗੀ ਵਿਚ ਚਲਦਾ ਵਿਖਾਉਂਦਾ ਹੈ। ਜੇ ਹੁਣ ਉਹਨਾਂ ਦੇ ਸੁਆਲ ਵੱਲ ਵਾਪਸ ਆਈਏ ਕਿ ਕੌਣ ਸਨ ਇਹ ਲੋਕ ਜਿਹਨਾਂ ਨੇ ਹੱਸਦੇ ਪੰਜਾਬ ਦੀ ਪਾਵਨ ਮਿੱਟੀ ਨੂੰ ਲਹੁ ਨਾਲ ਸਿੰਜ ਦਿੱਤਾ? ਤਾਂ ਮੈਂ ਕਹਿਣਾ ਚਾਹਾਂਗਾ ਕਿ ਉਹ ਲੋਕ ਸਨ ਜਿਹਨਾਂ ਨੇ ਪੰਜਾਬ ਦੇ ਹਾਸਿਆਂ ਦੀ ਬਜਾਏ ਇਸਦੇ ਹੰਝੂਆਂ ਦੀ ਪਛਾਣ ਕੀਤੀ। ਜਿਹਨਾਂ ਨੇ ਇਸ ਧਰਤੀ ‘ਤੇ ਵੱਸਦੇ ਸਿੱਖਾਂ ਦੇ ਦਰਦ ਨੂੰ ਮੁਕੰਮਲ ਸੰਜੀਦਗੀ ਨਾਲ ਸਮਰਪਣ ਦਿੱਤਾ। ਜਿਨਾਂ ਨੇ ਹਾਸਿਆਂ ਭਰੀ ਲੰਮੀ ਜ਼ਿੰਦਗੀ ਦੇ ਮੁਕਾਬਲੇ ਅੱਥਰੂ ਦੀ ਲੋਅ ਵਿਚ ਬਿਤਾਏ ਦੋ ਪਲਾਂ ਨੂੰ ਜੀਵਨ ਦਾ ਰੌਸ਼ਨ ਮੁਕਾਮ ਜਾਣਿਆ ਤੇ ਇਸ ਤੋਂ ਆਪਣਾ ਆਪ ਕੁਰਬਾਨ ਕਰ ਗਏ। ਜਿਨਾਂ ਨੇ ਇਹ ਅਹਿਸਾਸ ਕੀਤਾ ਕਿ ਹਿੰਦੁਸਤਾਨ ਦਾ ਦਮਨਕਾਰੀ ਢਾਂਚਾ ਸਿੱਖਾਂ ਨੂੰ ਉਨਾਂ ਦੇ ਆਪਣੇ ਤਰੀਕੇ ਨਾਲ ਜਿਉਣ ਦੀ ਥਾਂ ਨਹੀਂ ਸੀ ਦੇ ਰਿਹਾ। ਕਿ ਸਿੱਖਾਂ ਦੀ ਜ਼ਿੰਦਗੀ ਦੇ ਅਰਥ ਬਦਲੇ ਜਾ ਰਹੇ ਸਨ। ਕਿ ਉਨਾਂ ਦੇ ਜੀਵਨ ਨਾਲ ਖਿਲਵਾੜ ਕਰਨ ਦੇ ਸੰਵਿਧਾਨਕ ਆਧਾਰ ਕਾਇਮ ਕਰ ਲਏ ਗਏ ਸਨ। ਜਿਨਾਂ ਨੂੰ ਪੰਜਾਬ ਜਿਉਂਦਾ ਹੀ ਮਰਦਾ ਨਜ਼ਰ ਆਇਆ, ਉਨਾਂ ਨੇ ਜਿਉਣ ਦੇ ਮੁਕਾਬਲੇ ਮਰਨ ਨੂੰ ਤਰਜੀਹ ਦਿੱਤੀ, ਉਨਾਂ ਨੇ ਮੌਤ ਨੂੰ ਇਸ ਅਹਿਸਾਸ ਨਾਲ ਗਲੇ ਲਾਇਆ ਕਿ ਧਰਤੀ ਦੀ ਮਿੱਟੀ ਬਹੁਤ ਪਾਵਨ ਹੈ ਪਰ ਇਸ ਤੋਂ ਕੁਰਬਾਨ ਹੋਣ ਲਈ ਇਨਸਾਨ ਦੇ ਲਹੂ ਤੋਂ ਪਵਿੱਤਰ ਕੁਝ ਹੋਰ ਲੱਭਣਾ ਔਖਾ ਹੈ। ਇਹ ਸਨ ਉਹ ਲੋਕ ਜਿਨਾਂ ਨੇ ਹਿੰਦੁਸਤਾਨ ਵਿਚ ਸਥਾਪਤ ਹੋਏ ਜ਼ਿੰਦਗੀ ਦੇ ਰਾਹ ਨੂੰ ਅਨਿਆਂਕਾਰੀ ਜਾਣ ਕੇ ਚੁਣੌਤੀ ਦਿੱਤੀ। ਰਾਹ ਜਿਹੜਾ ਕਿ ਆਪਣੇ ਯੂਰਪੀਨ ਤੇ ਪੁਰਾਤਨ ਹਿੰਦੁਸਤਾਨੀ ਦੋਹਾਂ ਪੱਖਾਂ ਤੋਂ ਅਨਿਆਂਕਾਰੀ ਬੁਨਿਆਦਾਂ ਵਿਚੋਂ ਪੈਦਾ ਹੋਇਆ ਸੀ। ਇਹ ਸਨ ਉਹ ਲੋਕ ਜਿਹੜੇ ਧਰਤੀ ਦੇ ਟੁਕੜੇ ਲਈ ਤਾਂ ਨਹੀਂ ਪਰ ਧਰਤੀ ਦੇ ਇਸ ਹਿੱਸੇ ਤੇ ਆਪਣੀ ਤਰਜ਼ ਦੀ ਜ਼ਿੰਦਗੀ ਜਿਉਣ ਲਈ ਲੜੇ।
ਬਿਨਾਂ ਸ਼ੱਕ ਪੰਜਾਬ ਦੀ ਧਰਤੀ ‘ਤੇ ਬਹੁਤ ਖੂਨ ਡੁਲਿਆ। ਇਕ ਦਮਨਕਾਰੀ ਰਾਜ, ਜਿਸ ਦੀਆ ਨੀਹਾਂ ਬਸਤੀਵਾਦੀ ਹਾਕਮਾਂ ਨੇ ਸਾਡੀ ਹਿੱਕ ਵਿਚ ਗੱਡੀਆਂ, ਦੀ ਹੋਂਦ ਨੂੰ ਚੁਣੌਤੀ ਦੇਣ ਤੇ ਉਸ ਦੇ ਹਾਕਮਾਂ ਨੇ ਖੂਨ ਖਰਾਬੇ ਦਾ ਰਾਹ ਅਖਤਿਆਰ ਕਰ ਲਿਆ। ਇਹਦੇ ਲਈ ਦੋਸ਼ੀ ਇਸ ਜਬਰ ਦੇ ਖਿਲਾਫ਼ ਲੜ-ਮਰਨ ਵਾਲੇ ਸਿੰਘ ਹਨ ਜਾਂ ਇਸ ਰਾਜ ਦੀ ਪੁਸ਼ਤਪਨਾਹੀ ਕਰਨ ਵਾਲੇ ਕਮਿਊਨਿਸਟ? ਇਹ ਠੀਕ ਹੈ ਕਿ ਸਿੱਖਾਂ ਦੇ ਇਕ ਹਿੱਸੇ ਨੇ ਆਪਣੇ ਆਪ ਨੂੰ ਇਸ ਲੜਾਈ ਤੋਂ ਅਲਹਿਦਗੀ ਤੇ ਰੱਖਿਆ। ਇਸ ਵਿਚ ਸ਼ੱਕ ਨਹੀਂ ਕਿ ਇਨਾਂ ਲੋਕਾਂ ਲਈ ਇਹ ਲੜਾਈ ਤੇ ਇਸ ਵਿਚ ਹਿੱਸਾ ਲੈਣ ਵਾਲੇ ਇਕ ਸਮੱਸਿਆ ਸੀ। ਪਰ ਸੁਆਲ ਤਾਂ ਇਹ ਹੈ ਕਿ ਇਨਾਂ ਲੋਕਾਂ ਦੀ ਚੁੱਪ ਤੇ ਅਲਹਿਦਗੀ ਬਾਰੇ ਅਸੀਂ ਕੀ ਸਮਝ ਬਣਾਉਣੀ ਹੈ? ਇਸ ਸਬੰਧ ਵਿਚ ਮੇਰੀ ਸਮਝ ਇਹ ਹੈ ਕਿ ਅਜਿਹੀ ਪਹੁੰਚ ਭਾਰਤੀ ਸੰਵਿਧਾਨਕ ਢਾਂਚੇ ਨੂੰ ਇਕ ਵਾਜਬ ਤੇ ਸਥਿਰ ਵਰਤਾਰੇ ਵਜੋਂ ਮਾਨਤਾ ਦੇਣ ਵਜੋਂ ਹੋਈ ਜੋ ਕਿ ਇਸ ਢਾਂਚੇ ਲਈ ਕੰਮ ਕਰਦੇ ਲੋਕਾਂ ਵੱਲੋਂ ਆਉਣੀ ਕੁਦਰਤੀ ਹੈ। ਜੋ ਕਿ ਇਸ ਵਰਤਾਰੇ ਨੂੰ ਚੁਣੌਤੀ ਦੇਣ ਵਾਲੇ ਕਿਸੇ ਸੰਜੀਦਾ ਦਾਰਸ਼ਨਿਕ ਬਿਰਤਾਂਤ ਦੀ ਗ਼ੈਰ ਹਾਜ਼ਰੀ ਵਿਚ ਸੁਭਾਵਿਕ ਹੋ ਨਿੱਬੜਦੀ ਹੈ। ਭਾਰਤੀ ਸੰਵਿਧਾਨਕ ਢਾਂਚਾ ਬਸਤੀਵਾਦੀ ਹਾਕਮ ਅੰਗਰੇਜ਼ ਦੀ ਜੀਵਨ ਦ੍ਰਿਸ਼ਟੀ ਦੇ ਫੈਲਾਅ ਵਿਚੋਂ ਨਿਕਲਿਆ ਵਰਤਾਰਾ ਹੈ। ਯੂਰਪੀਨ ਬਸਤੀਵਾਦੀ ਆਪਣੀ ਜੀਵਨ ਤਰਜ਼ ਦਾ ਸਗਲਵਿਆਪੀਕਰਨ ਕਰ ਲੈਣ ਵਿਚ ਸਫਲ ਹੋਏ ਹਨ। ਸਿੱਟੇ ਵਜੋਂ ਉਨਾਂ ਦੀਆਂ ਸਮੱਸਿਆਵਾਂ ਖਾਹਮਖਾਹ ਹੀ ਸਾਰੀ ਦੁਨੀਆ ਦੀਆਂ ਸਮੱਸਿਆਵਾਂ ਬਣ ਗਈਆਂ ਤੇ ਉਨਾਂ ਵੱਲੋਂ ਸੁਝਾਇਆ ਹਰ ਹੱਲ ਸਾਰੀ ਦੁਨੀਆਂ ਲਈ ਇਕੋ ਇਕ ਹੱਲ ਹੋ ਕੇ ਰਹਿ ਗਿਆ। ਪੱਛਮੀ ਸਾਮਰਾਜੀਆਂ ਵੱਲੋਂ ਸਾਰੀ ਦੁਨੀਆਂ ਦੇ ਉਲਟ ਵਿੱਢੀ ਲੜਾਈ ਅਸਲ ਵਿਚ ਇਹੋ ਹੈ ਕਿ ਮੇਰੇ ਹਿਸਾਬ ਨਾਲ ਜਿਉਂ, ਨਹੀਂ ਤਾਂ ਮਰ। ਸਿੱਖਾਂ ਦੀ ਆਜ਼ਾਦੀ ਦੀ ਲੜਾਈ ਨੂੰ ਸਮੱਸਿਆ ਸਮਝਣ ਵਾਲੇ ਸਥਾਪਤ ਸਿਸਟਮ ਵਿਚ ਜੀਵਨ ਬਤੀਤ ਕਰਨ ਨੂੰ ਤਰਜੀਹ ਦੇਣ ਵਾਲੇ ਜਾਂ ਬੱਸ ਇਸਦੇ ਆਦੀ ਹੋ ਚੁੱਕੇ ਲੋਕ ਹਨ। ਆਪਣੀ ਜੀਵਨ ਤਰਜ਼ ਬਰਕਰਾਰ ਰੱਖਣ ਲਈ ਤੇ ਆਪਣੇ ਹੱਕ ਹਾਸਲ ਕਰਨ ਲਈ ਜੰਗ ਦੇ ਮੈਦਾਨ ਵਿਚ ਲੜਨ ਵਾਲੇ ਜੁਝਾਰੂ ਸਿੰਘ ਅਜਿਹੇ ਲੋਕਾਂ ਲਈ ਸਮੱਸਿਆ ਹਨ। ਕਿਉਂਕਿ ਲੜਾਈ ‘ਚੋਂ ਨਿਕਲਣ ਵਾਲੀ ਸਾਰਥਕ ਤਬਦੀਲੀ ਤਾਂ ਸ਼ਾਇਦ ਜਿੱਤ ਤੋਂ ਬਾਅਦ ਹੀ ਸਾਹਮਣੇ ਆਉਂਦੀ ਹੈ ਪਰ ਤਬਾਹੀ ਤਾਂ ਲੜਾਈ ਦਾ ਪਹਿਲਾ ਤੇ ਸਿੱਧਾ ਨਤੀਜਾ ਹੈ। ਅੱਜ ਜਿਹੇ ਦੌਰਾਂ ਵਿਚ, ਜਦੋਂ ਸੰਸਾਰ ਦਾ ਵਪਾਰੀਕਰਨ ਕਰਨ ਵਾਲੇ ਬਿਰਤਾਂਤ ਮਨੁੱਖੀ ਮਨ ਨੂੰ ਸ਼ਕਲ ਦਿੰਦੇ ਹਨ, ਅਜਿਹੀ ਸਮਝ ਜ਼ਿਆਦਾ ਫੈਲਦੀ ਹੈ।
ਕਾਮਰੇਡਾਂ ਨੂੰ ਚਾਹੀਦਾ ਹੈ ਕਿ ਮਾਰਕਸਵਾਦ ਨਾਲ਼ ਆਪਣੀ ਪ੍ਰਤੀਬੱਧਤਾ, ਜਿਸਦਾ ਕਿ ਉਹ ਦਾਅਵਾ ਕਰਦੇ ਹਨ, ਦੇ ਮੱਦੇ ਨਜ਼ਰ, ਇਸ ਚਿੰਤਨਧਾਰਾ ਪ੍ਰਤੀ ਆਪਣੀ ਸਮਝ ਸਾਂਝੀ ਕਰਦੇ ਹੋਏ ਇਹ ਸਪੱਸ਼ਟ ਕਰਨ ਕਿ ਜਿ਼ੰਦਗੀ ਨੂੰ ਇਤਿਹਾਸਕ ਤੇ ਦਵੰਦਾਤਮਕ ਪਦਾਰਥਵਾਦ ਦੇ ਨੁਕਤੇ ਤੋਂ ਪ੍ਰੀਭਾਸਿ਼ਤ ਤੇ ਸੰਗਠਿਤ ਕਰਨ ਦੇ ਅਸਲ ਵਿੱਚ ਕੀ ਪ੍ਰਭਾਵ ਹਨ?

Comments

Popular posts from this blog

ਸਿੱਖ ਸੰਘਰਸ਼ ਤੇ ਪੰਜਾਬ ਦੇ ਖੱਬੇਪੱਖੀ ਚਿੰਤਨ ਦਾ ਸੰਕਟ

ਆਧੁਨਿਕਤਾ, ਬਰਬਰਤਾ, ਅਤੇ ਪੰਜਾਬੀ ਕਵਿਤਾ

ਮਾਂ! ਮੈਨੂੰ ਫੈਸਲਾ ਕਰਕੇ ਦੱਸ ਕਿ ਮੈਂ ਹੁਣ ਕੀ ਕਰਾਂ ?