ਸਿੱਖ ਸੰਘਰਸ਼ ਤੇ ਪੰਜਾਬ ਦੇ ਖੱਬੇਪੱਖੀ ਚਿੰਤਨ ਦਾ ਸੰਕਟ


ਪ੍ਰਭਸ਼ਰਨਬੀਰ ਸਿੰਘ
[ਇਹ ਲੇਖ ‘ਫਿਲਹਾਲ’ ਵਿਚ ‘ਏਜੰਡਾ ਪੰਜਾਬ’ ਤਹਿਤ ਚੱਲ ਰਹੀ ਬਹਿਸ ਵਿਚ ਭਾਗ ਲੈਣ ਦੇ ਮਨਸ਼ੇ ਨਾਲ ਭੇਜਿਆ ਗਿਆ ਸੀ ਪਰ ‘ਫਿਲਹਾਲ’ ਦੇ ਸੰਪਾਦਕ ਗੁਰਬਚਨ ਨੇ ਇਸ ਲੇਖ ਨੂੰ ਇਹ ਕਹਿੰਦਿਆਂ ਛਾਪਣ ਤੋਂ ਇਨਕਾਰ ਕਰ ਦਿੱਤਾ ਕਿ ਇਹ polemical ਹੈ। ਇਸ ਸੰਬੰਧੀ ਉਹਨਾਂ ਦੀ ਈ-ਮੇਲ ਲੇਖਕ ਕੋਲ ਮੌਜੂਦ ਹੈ। ਉਹਨਾਂ ਇਹ ਵੀ ਇਤਰਾਜ ਜਤਾਇਆ ਹੈ ਕਿ ਲੇਖ ਵਿਚ ਉਹਨਾਂ ਦਾ ਨਾਂ ਕਿਉਂ ਲਿਖਿਆ ਗਿਆ। ਨਾਂ ਇਸ ਲਈ ਲਿਖਿਆ ਗਿਆ ਕਿਉਂਕਿ ਇਸ ਲੇਖ ਰਾਹੀਂ ਮੈਂ ਖਾਸ ਤੌਰ ਤੇ ਉਹਨਾਂ ਨਾਲ ਸੰਵਾਦ ਰਚਾਉਣ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਮਹੀਨਿਆਂ ਦੌਰਾਨ ਮੈਂ ਉਹਨਾਂ ਦੀਆਂ ਲਗਪਗ ਸਾਰੀਆਂ ਪੁਸਤਕਾਂ ਪੜ੍ਹੀਆਂ ਹਨ। ਆਪਣੀਆਂ ਲਿਖਤਾਂ ਵਿਚ ਉਹ ਪੰਜਾਬੀ ਦੇ ਲੇਖਕਾਂ ਉੱਤੇ ਇਨਾਮਾਂ ਲਈ ਲਿਖਣ ਦਾ ਦੋਸ਼ ਲਾਉਂਦੇ ਹਨ ਤੇ ਬਹੁਤ ਸਾਰੇ ਲੇਖਕਾਂ ਦੀ ਨਿੱਜੀ ਜਿੰਦਗੀ ਉੱਤੇ (ਨਾਂ ਲੈ ਕੇ) ਕੋਝੀਆਂ ਟਿੱਪਣੀਆਂ ਵੀ ਕਰਦੇ ਹਨ। ਇਸ ਸੰਬੰਧੀ ਉਹਨਾਂ ਦੀ ਕਿਤਾਬ ‘ਕਿਸ ਕਿਸ ਤਰ੍ਹਾਂ ਦੇ ਸਿਕੰਦਰ’ ਵੇਖੀ ਜਾ ਸਕਦੀ ਹੈ। ਪਰ ਜਦੋਂ ਉਹਨਾਂ ਦੀ ਲਿਖਤ ਸੰਬੰਧੀ ਕੁਝ ਸੁਆਲ ਉਠਾਏ ਗਏ ਹਨ ਤਾਂ ਇਕਦਮ ਸੈਂਸਰ ਦੀ ਕੁਹਾੜੀ ਚਲਾ ਦਿੱਤੀ। ਕੀ ਇਹੀ ਉਹਨਾਂ ਦਾ ਪੰਜਾਬ ਬਾਰੇ ‘ਏਜੰਡਾ’ ਹੈ?  ਇਹ ਲੇਖ ਯਾਦਵਿੰਦਰ ਕਰਫਿਊ ਵੱਲੋਂ ਚਲਾਏ ਜਾਂਦੇ ਬਲਾਗ 'ਗੁਲਾਮ ਕਲਮ' ਨੂੰ ੭ ਮਈ ਨੂੰ ਭੇਜਿਆ ਗਿਆ ਸੀ ਪਰ ਉਹਨਾਂ ਨੇ ਵੀ ਅਜੇ ਤੱਕ ਛਾਪਿਆ ਨਹੀਂ। ਅਕਾਲੀਆਂ ਤੇ ਕਾਂਗਰਸੀਆਂ ਨੇ ਜਿਸ ਤਰ੍ਹਾਂ ਪੰਜਾਬ ਦੀ ਸਿਆਸਤ ਨੂੰ ਬੁਰਛਾਗਰਦੀ ਦੇ ਹਵਾਲੇ ਕੀਤਾ ਹੈ, ਕੀ ਹੁਣ ਪੰਜਾਬ ਦਾ ਸਾਹਿਤਕ ਪਿੜ ਵੀ ਇਸੇ ਦਿਸ਼ਾ ਵੱਲ ਤਾਂ ਨਹੀਂ ਜਾ ਰਿਹਾ?]

ਜਸਪਾਲ ਸਿੰਘ ਸਿੱਧੂ ਨੇ ਆਪਣੇ ਲੇਖ ਵਿਚ ਪੰਜਾਬੀ ਖੱਬੇਪੱਖੀਆਂ ਦੀ ਇਸ ਗੱਲੋਂ ਤਿੱਖੀ ਆਲੋਚਨਾ ਕੀਤੀ ਹੈ ਕਿ ਸਿੱਖ ਸੰਘਰਸ਼ ਦੇ ਵਰ੍ਹਿਆਂ ਦੌਰਾਨ ਉਹਨਾਂ ਨੇ ਭਾਰਤੀ ਹਕੂਮਤ ਵੱਲੋਂ ਸਿੱਖਾਂ ਤੇ ਢਾਹੇ ਗਏ ਅਣਮਨੁੱਖੀ ਤਸ਼ੱਦਦ ਦੀ ਚੁੱਪ ਰਹਿ ਕੇ ਹੀ ਹਮਾਇਤ ਨਹੀਂ ਕੀਤੀ ਬਲਕਿ ਸੁਚੇਤ ਰੂਪ ਵਿਚ ਕ੍ਰਿਆਸ਼ੀਲ ਹੋ ਕੇ ਸਟੇਟ ਦੀ ਮੱਦਦ ਕੀਤੀ। ਗੁਰਬਚਨ ਨੇ ਸਿੱਧੂ ਦੇ ਲੇਖ ਦੇ ਪ੍ਰਸੰਗ ਵਿਚ ਲਿਖੇ ਆਪਣੇ ਲੇਖ ਵਿਚ ਇਸ ਗੱਲ ਦੀ ਸ਼ਾਹਦੀ ਭਰੀ ਹੈ ਕਿ ਖੱਬੇਪੱਖੀਆਂ ਨੇ ਪੰਜਾਬ ਦੇ ਮਸਲੇ ਨੂੰ ਸਹੀ ਢੰਗ ਨਾਲ ਨਹੀਂ ਸਮਝਿਆ ਅਤੇ ਕੇਂਦਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਭਰਵੀਂ ਆਵਾਜ ਉਠਾਉਣ ਵਿਚ ਨਾਕਾਮਯਾਬ ਰਹੇ। ਪਰ ਨਾਲ ਹੀ ਉਹਨਾਂ ਸਿੱਖ ਸੰਘਰਸ਼ ਦੀ ਬੁਨਿਆਦ ਵੱਲ ਨਿਸ਼ਾਨਾ ਸੇਧਿਤ ਕਰਦਿਆਂ ਕਿਹਾ ਹੈ ਕਿ ਧਰਮ ਆਧਾਰਿਤ ਰਾਜਨੀਤੀ ਹੁਣ ਵੇਲਾ ਵਿਹਾ ਚੁੱਕੀ ਹੈ ਅਤੇ ਪਿਛਾਂਹਖਿਚੂ ਪ੍ਰਵਿਰਤੀ ਦੀ ਨਿਸ਼ਾਨੀ ਹੈ। ਉਨ੍ਹਾਂ ਇਸ ਗੱਲ ਤੇ ਜੋਰ ਦਿੱਤਾ ਹੈ ਕਿ ਅੱਜ ਸਾਨੂੰ ‘ਆਧੁਨਿਕ ਤਰਜ ਦੇ ਨਵ-ਜਾਗਰਣ’ ਦਾ ਰਾਹ ਫੜ ਕੇ ਪੰਜਾਬ ਦੀ ਸਥਾਨਿਕਤਾ ਨੂੰ ਬੌਧਿਕ ਜੁਗਤਾਂ ਰਾਹੀਂ ਮਜਬੂਤ ਕਰਨ ਦੀ ਲੋੜ ਹੈ। ਇਸ ਲੇਖ ਨੂੰ ਉਹਨਾਂ ਦੀਆਂ ਹੋਰਨਾਂ ਲਿਖਤਾਂ ਦੇ ਪ੍ਰਸੰਗ ਵਿਚ ਪੜ੍ਹਿਆਂ ਪਤਾ ਲਗਦਾ ਹੈ ਕਿ ਉਹ ਸੈਕੂਲਰ ਖੱਬੇਪੱਖੀ ਕਿਸਮ ਦੀ ਰਾਜਨੀਤੀ ਨੂੰ ਹੀ ਇਕੋ-ਇਕ ਸਰਬ-ਕਲਿਆਣਕਾਰੀ ਰਾਜਨੀਤਕ ਰਾਹ ਮੰਨਦੇ ਹਨ ਤੇ ਹਰ ਹੀਲੇ ‘ਆਧੁਨਿਕ ਸੰਵੇਦਨਾ’ ਪ੍ਰਾਪਤ ਕਰਨ ਦੀ ਵਕਾਲਤ ਕਰਦੇ ਹਨ ਭਾਵੇਂ ਇਸ ‘ਆਧੁਨਿਕ ਸੰਵੇਦਨਾ’ ਨੂੰ ਪ੍ਰੀਭਾਸ਼ਿਤ ਕਰਨ ਦੀ ਕਦੇ ਵੀ ਖੇਚਲ ਨਹੀਂ ਕਰਦੇ
ਇਸ ਲੇਖ ਰਾਹੀਂ ਮੈਂ ਉਹਨਾਂ ਦੀ ਪਹੁੰਚ ਨਾਲ ਆਪਣੀ ਅਸਹਿਮਤੀ ਦਰਜ ਕਰਵਾਉਣੀ ਚਾਹੁੰਦਾ ਹਾਂ ਪਰ ਇਸ ਅਸਹਿਮਤੀ ਦਾ ਆਧਾਰ ਕੇਵਲ ਮੇਰਾ subjective opinion ਨਹੀਂ ਬਲਕਿ ਇਹਨਾਂ ਮਸਲਿਆਂ ਪ੍ਰਤੀ ਮੇਰੇ ਨਜਰੀਏ ਦਾ ਵਖਰੇਵਾਂ ਵੀ ਹੈ। (ਇਕ ਗੱਲ ਹੋਰ ਇਹ ਕਿ ਹਥਲਾ ਲੇਖ ਬਹਿਸ ਵਿਚ ਹਾਜਰੀ ਲਗਵਾਉਣ ਦਾ ਨਿਮਾਣਾ ਜਿਹਾ ਜਤਨ ਹੈ। ਵਿਚਾਰੇ ਗਏ ਮਸਲੇ ਬਹੁਤ ਗੰਭੀਰ ਹਨ ਅਤੇ ਜਿਆਦਾ ਵਿਸਥਾਰ ਵਿਚ ਵਿਆਖਿਆ ਦੀ ਮੰਗ ਕਰਦੇ ਹਨ)ਗੁਰਬਚਨ ਦਾ ਲੇਖ ਕੁਝ ਇਕ ਪੂਰਵ-ਧਾਰਨਾਵਾਂ ਉੱਤੇ ਆਧਾਰਿਤ ਹੈ ਜਿਹਨਾਂ ਨੂੰ ਉਹਨਾਂ ਨੇ ਸਵੈ-ਸਿੱਧ ਸੱਚਾਈਆਂ ਮੰਨਿਆ ਹੋਇਆ ਹੈ। ਨਾ ਹੀ ਉਹ ਆਪਣੇ ਲੇਖ ਵਿਚਲੇ ਕੁਝ ਅਹਿਮ ਨੁਕਤਿਆਂ ਨੂੰ ਪ੍ਰੀਭਾਸ਼ਿਤ ਕਰਨ ਦੀ ਕੋਈ ਲੋੜ ਸਮਝਦੇ ਹਨ। ਹੇਠ ਲਿਖਿਆਂ ਪੂਰਵ-ਧਾਰਨਾਵਾਂ ਗੁਰਬਚਨ ਦੇ ਲੇਖ ਵਿਚ ਸਵੈ-ਸਿੱਧ ਸੱਚਾਈਆਂ ਦੇ ਤੌਰ ਤੇ ਕੰਮ ਕਰਦੀਆਂ ਹਨ:
੧) ਧਰਮ ਇਕ ਇਕਾਈ ਹੈ ਅਤੇ ਸਾਰੇ ਧਰਮ ਪ੍ਰਗਟਾਵੇ ਵਿਚ ਵੱਖਰੇ ਹਨ ਬੁਨਿਆਦੀ ਤੌਰ ਤੇ ਨਹੀਂ।
੨) ਆਧੁਨਿਕ ਸੰਵੇਦਨਾ ਹਰ ਹਾਲਾਤ ਵਿਚ ਸਾਕਾਰਾਤਮਕ ਹੈ ਅਤੇ ਇਸਨੂੰ ਅਪਣਾਉਣ ਨਾਲ ਹੀ ਸੁਚੱਜੇ ਰਾਜਨੀਤਕ ਕਰਮ ਵੱਲ ਵਧਿਆ ਜਾ ਸਕਦਾ ਹੈ।
੩) ਨੇਸ਼ਨ ਸਟੇਟ ਭਾਰਤ ਦੇ ਪ੍ਰਸੰਗ ਵਿਚ ਸਾਕਾਰ ਹੋ ਚੁੱਕੀ ਵਾਸਤਵਿਕਤਾ (fait accompli) ਹੈ।
੪) ਪੰਜਾਬੀ ਕੌਮੀਅਤ ਅਤੇ ਪੰਜਾਬ ਦੀ ਸਥਾਨਿਕਤਾ।
ਆਪਣੀਆਂ ਹੋਰਨਾਂ ਲਿਖਤਾਂ ਵਿਚ ਗੁਰਬਚਨ ਅਕਸਰ ਹੀ ਇਹ ਗਿਲਾ ਕਰਦੇ ਹਨ ਕਿ ਪੰਜਾਬੀ ਲੇਖਕਾਂ ਨੇ ਬੌਧਿਕਤਾ ਦਾ ਪੱਲਾ ਛੱਡਿਆ ਹੋਇਆ ਹੈ ਤੇ ਹੋਰਨਾਂ ਬੌਧਿਕ ਪ੍ਰੰਪਰਾਵਾਂ, ਖਾਸ ਕਰਕੇ ਪੱਛਮੀ ਬੌਧਿਕ ਪ੍ਰੰਪਰਾ ਨਾਲ ਭਰਵਾਂ ਸੰਵਾਦ ਪੈਦਾ ਨਹੀਂ ਕੀਤਾ। ਪਰ ਜਿਹੜੀਆਂ ਪੂਰਵ-ਧਾਰਨਾਵਾਂ ਉਹਨਾਂ ਦੀਆਂ ਲਿਖਤਾਂ ਪਿੱਛੇ ਕੰਮ ਕਰਦੀਆਂ ਹਨ ਉਹਨਾਂ ਦੀ ਅਣਆਲੋਚਨਾਤਮਿਕ ਪ੍ਰਵਾਨਗੀ ਤੋਂ ਇਹੀ ਪਤਾ ਲਗਦਾ ਹੈ ਕਿ ਵਿਸ਼ਵ ਚਿੰਤਨ ਨਾਲ ਡੂੰਘਾ ਰਾਬਤਾ ਖੁਦ ਗੁਰਬਚਨ ਨੇ ਵੀ ਪੈਦਾ ਨਹੀਂ ਕੀਤਾ।
ਇਹਨਾਂ ਨੁਕਤਿਆਂ ਦੀ ਇਕ ਇਕ ਕਰਕੇ ਪੜਚੋਲ ਕਰਨ ਦੀ ਜਰੂਰਤ ਹੈ।
੧) ਧਰਮ ਨੂੰ ਇਕ ਇਕਾਈ ਵਜੋਂ ਬਸਤੀਵਾਦ ਦੇ ਕਰਿੰਦੇ ਬਣ ਕੇ ਕੰਮ ਕਰਨ ਵਾਲੇ ਪੂਰਬਵਾਦੀ ਚਿੰਤਕਾਂ ਨੇ ਚਿਤਵਿਆ। Tomoko Masuzawa ਨੇ ਆਪਣੀ ਕਿਤਾਬ The Invention of World Religions ਵਿਚ ਇਸ ਨੁਕਤੇ ਦੀ ਵਿਸਥਾਰ ਸਹਿਤ ਵਿਆਖਿਆ ਕਰਦਿਆਂ ਦੱਸਿਆ ਹੈ ਕਿ ਵਿਸ਼ਵ ਧਰਮਾਂ ਦਾ ਪ੍ਰਵਚਨ ਅਸਲ ਵਿਚ ਯੌਰਪੀਅਨਾਂ ਵੱਲੋਂ ਆਪਣੀ ਚਿੰਤਨ ਸ਼ੈਲੀ ਨੂੰ ਬਹੁਲਤਾਵਾਦ ਦੀ ਭਾਸ਼ਾ ਵਰਤ ਕੇ ਸਰਬਾਂਗੀ ਸਿੱਧ ਕਰਨ ਦਾ ਯਤਨ ਸੀ। ਇਸੇ ਤਰ੍ਹਾਂ Arvind-pal Singh Mandair ਨੇ ਆਪਣੀ ਪੁਸਤਕ Religion and the Specter of the West ਵਿਚ ਧਰਮ ਨੂੰ ਇਕ ਸੰਕਲਪੀ ਇਕਾਈ ਵਜੋਂ ਵਰਤਣ ਦੇ ਰੁਝਾਨ ਦੀ ਪੈੜ ਹੇਗਲ ਦੇ ਫਲਸਫੇ ਵਿਚ ਜਾ ਨੱਪੀ ਹੈ। ਮੰਡੇਰ ਨੇ ਦਿਖਾਇਆ ਹੈ ਕਿ ਧਰਮ ਬਾਰੇ ਅਜੋਕਾ ਚਿੰਤਨ ਅਜੇ ਤੱਕ ਹੇਗਲ ਦੇ ਪ੍ਰਛਾਵੇਂ ਤੋਂ ਬਾਹਰ ਨਹੀਂ ਆ ਸਕਿਆ। ਗੁਰਬਚਨ ਜਦੋਂ ਧਰਮ ਬਾਰੇ ਬਸਤੀਵਾਦੀ ਨਜਰੀਏ ਨੂੰ ਦੁਹਰਾਉਂਦਾ ਹੈ ਤਾਂ ਜਾਂ ਤਾਂ ਉਹ ਅਜੋਕੇ ਚਿੰਤਨ ਤੋਂ ਉੱਕਾ ਹੀ ਅਣਜਾਣ ਹੈ ਤੇ ਜਾਂ ਫਿਰ ਇਸ ਨੂੰ ਜਾਣ ਬੁੱਝ ਕੇ ਨਜਰਅੰਦਾਜ ਕਰ ਰਿਹਾ ਹੈ।
੨) ਆਧੁਨਿਕ ਸੰਵੇਦਨਾ ਬਾਰੇ। ਆਧੁਨਿਕਤਾ ਨੇ ਮਨੁੱਖ ਨੂੰ ਪ੍ਰਸ਼ਨ ਪੁੱਛਣੇ ਸਿਖਾਏ। ਆਧੁਨਿਕਤਾ ਨੇ ਹਰ ਚੀਜ ਪ੍ਰਸ਼ਨ ਦੇ ਘੇਰੇ ਵਿਚ ਲਿਆਂਦੀ, ਰੱਬ, ਸਮਾਜਿਕ ਮਾਨਤਾਵਾਂ, ਸਟੇਟ, ਆਦਿ। ਕਾਂਟ ਨੇ ਆਪਣੇ ਮਸ਼ਹੂਰ ਲੇਖ What is Enlightenment ਵਿਚ ਨਾਹਰਾ ਦਿੱਤਾ- Sapere Aude. ਇਸਦਾ ਭਾਵ ਹੈ ਗਿਆਨ ਹਾਸਲ ਕਰਨ ਦਾ ਹੌਂਸਲਾ ਕਰ। ਯੌਰਪ ਵਿਚ ਗਿਆਨ ਹਾਸਲ ਕਰਨ ਲਈ ਪੈਦਾ ਹੋਈ ਤਾਕਤਵਰ ਇੱਛਾ ਸ਼ਕਤੀ ਹੀ ਆਧੁਨਿਕਤਾ ਦੀ ਚਾਲਕ ਸ਼ਕਤੀ ਸੀ। ਪਰ ਇਸਦਾ ਦੂਸਰਾ ਪੱਖ ਇਹ ਸੀ ਕਿ ਜੇਕਰ ਹਰ ਚੀਜ ਬਾਰੇ ਪ੍ਰਸ਼ਨ ਕੀਤਾ ਜਾ ਸਕਦਾ ਹੈ ਤਾਂ ਆਧੁਨਿਕਤਾ ਬਾਰੇ ਕਿਉਂ ਨਹੀਂ? ਸੋ ਵੀਹਵੀਂ ਸਦੀ ਦੇ ਅੱਧ ਤੱਕ ਪੁੱਜਦਿਆਂ ਆਧੁਨਿਕਤਾ ਵੀ ਪ੍ਰਸ਼ਨਾਂ ਵਿਚ ਘਿਰ ਗਈ। ਆਧੁਨਿਕਤਾ ਬਾਰੇ ਉੱਠੇ ਪ੍ਰਸ਼ਨ ਕਿਸੇ ਵਿਹਲੇ ਫਿਲਾਸਫਰ ਦੇ ਦਿਮਾਗ ਦੀ ਉਪਜ ਹੀ ਨਹੀਂ ਸਨ, ਸਗੋਂ ਇਹ ਵੀਹਵੀਂ ਸਦੀ ਦੇ ਪਹਿਲੇ ਅੱਧ ਦੌਰਾਨ ਵਾਪਰੇ ਅਤਿ ਭਿਆਨਕ ਨਰਸੰਘਾਰਾਂ ਦੇ ਡੂੰਘੇ ਕਾਰਨਾਂ ਦੀ ਤਲਾਸ਼ ਵਿਚੋਂ ਪੈਦਾ ਹੋਏ। ਮਨੁੱਖੀ ਸਮਾਜ ਦੀ ਤਾਰਕਿਕ ਯੋਜਨਾਬੰਦੀ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਪਿਛਲੇ ਦਹਾਕਿਆਂ ਦੌਰਾਨ ਪੈਦਾ ਹੋਈ ਵਾਤਾਵਰਣ ਬਾਰੇ ਚੇਤਨਾ ਨੇ ਇਹਨਾਂ ਸਵਾਲਾਂ ਨੂੰ ਹੋਰ ਪੁਖਤਾ ਬਣਾਇਆਇਸ ਨਾਲ ਆਧੁਨਿਕਤਾ ਦੀ ਚੂਲ - ਤਰਕ ਵਿਚ ਅੰਨ੍ਹੀਂ ਸ਼ਰਧਾ - ਟੁੱਟ ਗਈ। ਆਧੁਨਿਕਤਾ ਨੇ ਤਰਕ ਨੂੰ ਰੱਬ ਦਾ ਥਾਂ ਦਿੱਤਾ। ਹੋਲੋਕਾਸਟ ਅਤੇ ਵਿਸ਼ਵ ਜੰਗਾਂ ਦੀ ਤਬਾਹੀ ਦੌਰਾਨ ਇਸ ‘ਤਰਕ’ ਦੀ ਵੀ ਮੌਤ ਹੋ ਗਈ। John Caputo ਇਸਨੂੰ ‘ਰੱਬ ਦੀ ਮੌਤ’ ਦੀ ਮੌਤ ਕਹਿੰਦਾ ਹੈਆਧੁਨਿਕਤਾ ਤੋਂ ਪਹਿਲੀਆਂ ਪ੍ਰੰਪਰਾਵਾਂ ਬਾਰੇ ਪੁਨਰ-ਚਿੰਤਨ ਸ਼ੁਰੂ ਹੋਇਆ। ਇਸੇ ਪੁਨਰ-ਚਿੰਤਨ ਵਿਚੋਂ ਪੂਰਬਵਾਦ ਅਤੇ ਉੱਤਰ-ਬਸਤੀਵਾਦ ਵਰਗੀਆਂ ਤਾਕਤਵਰ ਚਿੰਤਨ-ਧਾਰਾਵਾਂ ਦਾ ਜਨਮ ਹੋਇਆ। ਇਸ ਸਭ ਨਾਲ ਸਥਿਤੀ ਨੇ ਦਿਲਚਸਪ ਪਲਟਾ ਖਾਧਾ। ਆਪਣੇ ਆਪ ਨੂੰ ਮਨੁੱਖੀ ਆਜਾਦੀ ਦੇ ਝੰਡਾ ਬਰਦਾਰ ਸਮਝਣ ਵਾਲੇ ਆਧੁਨਿਕੀਏ ਤੇ ਮਾਰਕਸੀਏ ਆਜਾਦੀ ਦੇ ਕਾਤਲ ਬਣ ਗਏ। ਲੰਮੇ ਸਮੇਂ ਤੱਕ ਉਹ ਸਤਾਲਿਨ ਦੇ ਨਰਸੰਘਾਰਾਂ ਤੇ ਪੋਚੇ ਮਾਰਨ ਦਾ ਜਤਨ ਕਰਦੇ ਰਹੇ ਪਰ ਆਖਿਰ ਤਾਂ ਸੱਚ ਨੇ ਬਾਹਰ ਆਉਣਾ ਹੀ ਸੀ। ਛਟਪਟਾਹਟ ਵਿਚ ਉਹ ਵੀਹਵੀਂ ਸਦੀ ਦੇ ਦੂਜੇ ਅੱਧ ਦੌਰਾਨ ਪੈਦਾ ਹੋਏ ਸਾਰੇ ਚਿੰਤਨ ਨੂੰ ਪੋਸਟਮਾਡਰਨ ਨਾਨਸੈਂਸ ਕਹਿ ਕੇ ਭੰਡਦੇ ਰਹੇ (Continental Philosophy ਅਤੇ Postmodernism ਦੇ ਵਖਰੇਵੇਂ ਬਾਰੇ ਵੱਖਰੇ ਲੇਖ ਵਿਚ ਚਰਚਾ ਕਰਨ ਦੀ ਜਰੂਰਤ ਹੈ)। ਗੁਰਬਚਨ ਨਾਲ ਗਿਲਾ ਇਹ ਨਹੀਂ ਕਿ ਉਹ ਇਸ ਚਿੰਤਨ ਨਾਲ ਇਤਫਾਕ ਨਹੀਂ ਰੱਖਦਾ, ਗਿਲਾ ਇਹ ਹੈ ਕਿ ਉਹ ਇਸ ਨਾਲ ਸੰਵਾਦ ਰਚਾਏ ਬਗੈਰ ਹੀ ਆਪਣੀ ਗੱਲ ਕਰ ਜਾਂਦਾ ਹੈ ਜਿਵੇਂ ਆਧੁਨਿਕਤਾ ਬਾਰੇ ਅਜੇ ਤੱਕ ਕਿਸੇ ਨੇ ਕੋਈ ਸੁਆਲ ਹੀ ਨਾ ਉਠਾਇਆ ਹੋਵੇ।
੩) ‘ਨੇਸ਼ਨ ਸਟੇਟ’ ਭਾਰਤ ਦੇ ਪ੍ਰਸੰਗ ਵਿਚ ਸਾਕਾਰ ਹੋ ਚੁੱਕੀ ਵਾਸਤਵਿਕਤਾ (fait accompli) ਹੈ। ਗੁਰਬਚਨ ਨੇ ਆਪਣੇ ਇਸ ਦਾਅਵੇ ਦੀ ਪੁਸ਼ਟੀ ਕਰਨ ਲਈ ਹੋਰ ਵਿਆਖਿਆ ਕਰਨ ਦੀ ਲੋੜ ਨਹੀਂ ਸਮਝੀ। ਪਰ ਪਾਠਕਾਂ ਵਜੋਂ, ਸਾਨੂੰ ਇਹ ਹੱਕ ਹੈ ਕਿ ਇਸਦੀ ਪੁਖਤਗੀ ਦੀ ਪੜਚੋਲ ਕੀਤੀ ਜਾਵੇ। ਮੈਰੀਅਮ ਵੈਬਸਟਰ ਡਿਕਸ਼ਨਰੀ ਵਿਚ fait accompli ਦੇ ਇਉਂ ਅਰਥ ਕੀਤੇ ਗਏ ਹਨ: a thing accomplished and presumably irreversible. ਸੁਆਲ ਪੈਦਾ ਹੁੰਦਾ ਹੈ ਕਿ ਕੀ ਗੁਰਬਚਨ ਵਾਕਿਆ ਹੀ ਭਾਰਤੀ ਨੇਸ਼ਨ-ਸਟੇਟ ਨੂੰ ਅਮੋੜ ਵਰਤਾਰਾ ਸਮਝਦਾ ਹੈ ਜਾਂ ਉਸਨੇ ਇਹ fancy phrase ਅਣਗਹਿਲੀ ਵਿਚ ਵਰਤ ਲਿਆ। ਕਿਸੇ ਵੀ ਸਲਤਨਤ ਜਾਂ ਨੇਸ਼ਨ-ਸਟੇਟ ਨੂੰ ਅਮੋੜ ਵਰਤਾਰੇ ਦਾ ਨਾਂ ਦੇਣਾ ਤਾਂ ਅਸਲੋਂ ਹਾਸੋਹੀਣੀ ਤੇ ਨਾਮੰਨਣਯੋਗ ਗੱਲ ਹੈ। ਪਿਛਲੇ ਪੰਜ ਹਜਾਰ ਸਾਲ ਦੇ ਮਨੁੱਖੀ ਇਤਿਹਾਸ ਦਾ ਚੁੰਝ ਭਰ ਗਿਆਨ ਰੱਖਣ ਵਾਲੇ ਕਿਸੇ ਵੀ ਵਿਅਕਤੀ ਲਈ ਇਹ ਮੰਨਣਾ ਅਸੰਭਵ ਹੈ। ਸਿਕੰਦਰ ਤੋਂ ਲੈ ਕੇ ਚੰਗੇਜ ਖਾਨ, ਮੁਗਲ, ਬ੍ਰਿਟਿਸ਼ ਤੇ ਰੂਸੀ ਸਾਮਰਾਜੀ ਸਲਤਨਤਾਂ ਨੂੰ ਰਾਖ ਹੁੰਦਿਆਂ ਲੋਕਾਂ ਨੇ ਆਪਣੇ ਅੱਖੀਂ ਤੱਕਿਆ ਹੈ। ਕੋਈ ਵੀ ਨੇਸ਼ਨ-ਸਟੇਟ ਕਦੇ ਵੀ fait accompli ਨਹੀਂ ਹੁੰਦੀ। ਨੇਸ਼ਨ-ਸਟੇਟ ਹਮੇਸ਼ਾ ਬਣਨ ਦੇ ਅਮਲ ਚੋਂ ਗੁਜਰਦੀ ਰਹਿੰਦੀ ਹੈ ਤੇ ਕਦੇ ਵੀ ਪੂਰੀ (accomplished) ਨਹੀਂ ਹੁੰਦੀ। ਪੰਜਾਬ, ਕਸ਼ਮੀਰ ਤੇ ਭਾਰਤ ਦੇ ਹੋਰ ਹਿੱਸਿਆਂ ਚ ਚੱਲ ਰਹੇ ਸੰਘਰਸ਼ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਭਾਰਤੀ ਨੇਸ਼ਨ-ਸਟੇਟ ਦੀ ਬਣਤਰ ਵੀ ਅਜੇ ਅਧੂਰੀ ਹੈ
੪) ਪੰਜਾਬੀ ਕੌਮੀਅਤ ਕੀ ਹੈ? ਪੰਜਾਬੀ ਕੌਣ ਹੈ? ਕੀ ਪੰਜਾਬੀ ਕੌਮੀਅਤ ਦਾ ਸੰਕਲਪ exclusionary ਨਹੀਂ ਹੈ? ਜਿਸ ਨੇ ਪੰਜਾਬ ਵਿਚ ਜਨਮ ਲਿਆ ਪਰ ਪੰਜਾਬੀ ਬੋਲਣ ਤੋਂ ਇਨਕਾਰੀ ਹੈ, ਕੀ ਉਸਨੂੰ ਪੰਜਾਬੀ ਮੰਨਿਆ ਜਾ ਸਕਦਾ ਹੈ? ਪੰਜਾਬ ਦੇ ਹਿੰਦੀ ਭਾਸ਼ੀ ਆਰੀਆ ਸਮਾਜੀ ਤੇ ਪਾਕਿਸਤਾਨ ਦਾ ਉਰਦੂ ਬੋਲਣ ਵਾਲਾ ਪੰਜਾਬ ਵਿਚ ਜੰਮਿਆ ਜਾਇਆ ਰਾਜਨੀਤਕ ਕੁਲੀਨ ਵਰਗ ਕੀ ਪੰਜਾਬੀ ਹਨ? ਕੀ ਪੰਜਾਬੀ ਨੂੰ ਬੋਲੀ ਵਜੋਂ ਕਿਸੇ ਤੇ ਜਬਰਦਸਤੀ ਥੋਪਿਆ ਜਾ ਸਕਦਾ ਹੈ? ਗੁਰਬਚਨ ਇਹਨਾਂ ਸੁਆਲਾਂ ਦੇ ਮੁਖਾਤਬ ਨਹੀਂ ਹੁੰਦਾ। ਉਸ ਲਈ ਤਾਂ ਪੰਜਾਬੀ ਕੌਮੀਅਤ ਇਕ ਰੈਡੀਮੇਡ ਨੁਸਖਾ ਹੈ ਜਿਸ ਨਾਲ ‘ਧਰਮ’ ਦੇ ਵੰਡ-ਪਾਊ ਅਸਰ ਨੂੰ ਰੋਕਿਆ ਜਾ ਸਕਦਾ ਹੈ। ਵਿਤਕਰਾ ਤਾਂ ਬੋਲੀ ਦੇ ਆਧਾਰ ਤੇ ਵੀ ਹੋ ਸਕਦਾ ਹੈ। ਕੈਨੇਡਾ ਦੇ ਕਿਉਬੈੱਕ ਸੂਬੇ ਦੀ ਮਿਸਾਲ ਦਿੱਤੀ ਜਾ ਸਕਦੀ ਹੈ। ਕੈਨੇਡਾ ਵਿਚ ਫਰੈਂਚ ਬੋਲਣ ਵਾਲੇ ਤੇ ਅੰਗਰੇਜੀ ਬੋਲਣ ਵਾਲੇ ਦੋਵੇਂ ਇਸਾਈ ਹਨ, ਪਰ ਫੇਰ ਵੀ ਵਿਤਕਰਾ ਹੈ
ਗੁਰਬਚਨ ਨੇ ਇਤਰਾਜ ਉਠਾਇਆ ਹੈ ਕਿ ਪੰਜਾਬ ਵਿਚ ਪਛਾਣ ਦੀ ਰਾਜਨੀਤੀ ਨੇ ਬੌਧਿਕ ਪਰੰਪਰਾ ਨੂੰ ਪਨਪਨ ਨਹੀਂ ਦਿੱਤਾ। ਕੀ ਪੰਜਾਬੀ ਕੌਮੀਅਤ ਦੀ ਰਾਜਨੀਤੀ ਪਛਾਣ ਦੀ ਰਾਜਨੀਤੀ ਨਹੀਂ? ਪਛਾਣ ਤਾਂ ਪਛਾਣ ਹੀ ਹੈ, ਭਾਵੇਂ ਧਾਰਮਿਕ ਪਛਾਣ ਹੋਵੇ ਜਾਂ ਭਾਸ਼ਾਈ ਪਛਾਣ। ਦੁਨੀਆ ਦੇ ਕਈ ਹਿੱਸਿਆਂ ਵਿਚ ਭਾਸ਼ਾਈ ਪਛਾਣ ਵੀ ਹਿੰਸਾ ਦਾ ਕਾਰਣ ਬਣੀ ਹੈ, ਜਿਵੇਂ ਕਿਉਬੈੱਕ, ਸਰਬੀਆ, ਕਰੋਸ਼ੀਆ ਆਦਿ ਵਿਚ। ਇਹ ਦਾਅਵਾ ਕਿਵੇਂ ਕੀਤਾ ਜਾ ਸਕਦਾ ਹੈ  ਕਿ ਪੰਜਾਬੀ ਬੋਲੀ ਤੇ ਆਧਾਰਿਤ ਕੌਮਵਾਦ ਵਿਚੋਂ ਅਜਿਹੀ ਹਿੰਸਾ ਪੈਦਾ ਨਹੀਂ ਹੋਵੇਗੀ? ਇੱਥੇ ਇਹਨਾਂ ਸੁਆਲਾਂ ਨੂੰ ਪੁੱਛਣ ਦਾ ਮਕਸਦ ਪੰਜਾਬੀ ਕੌਮੀਅਤ ਦੇ ਸੰਕਲਪ ਦੀ ਆਲੋਚਨਾ ਨਾਲੋਂ ਗੁਰਬਚਨ ਦੇ ਲਿਖਣ-ਢੰਗ ਨੂੰ ਸੁਆਲਾਂ ਦੇ ਘੇਰੇ ਵਿਚ ਲਿਆਉਣਾ ਹੈ। ਅਜਿਹਾ ਕਰਨ ਨਾਲ ਗੁਰਬਚਨ ਦਾ ਪੈਗੰਬਰੀ ਲਹਿਜਾ ਬੇਨਕਾਬ ਹੁੰਦੈ। ਉਹ ਸਮਝਦੈ ਕਿ ਉਹ ਕੁਝ ਵੀ ਕਹਿ ਸਕਦੈ, ਬੁਨਿਆਦੀ ਮਸਲਿਆਂ ਦੀ ਵਿਆਖਿਆ ਕੀਤੇ ਬਿਨਾਂ
ਹੁਣ ਕੁਝ ਗੱਲਾਂ ਸਿੱਖ ਸੰਘਰਸ਼ ਤੇ ਪੰਜਾਬ ਦੇ ਖੱਬੇਪੱਖੀਆਂ ਬਾਰੇ।
ਪੰਜਾਬ ਵਿਚ ਸਿੱਖ ਸੰਘਰਸ਼ ਪ੍ਰਤੀ ਕਾਮਰੇਡਾਂ ਦਾ ਮੁੱਖ ਰੂਪ ਵਿਚ ਦੋ ਤਰ੍ਹਾਂ ਦਾ ਨਜਰੀਆ ਰਿਹਾ ਹੈ। ਪਹਿਲੇ ਰਵਾਇਤੀ ਮਾਰਕਸੀਏ, ਜਿਹਨਾਂ ਨੇ ਸਟੇਟ ਦੇ ਹੱਕ ਵਿਚ ਸਿੱਧਾ ਸਟੈਂਡ ਲਿਆ, ਖਾੜਕੂਆਂ ਦੀਆਂ ਮੁਖਬਰੀਆਂ ਕੀਤੀਆਂ ਤੇ ਕਈ ਵਾਰੀ ਸਰਕਾਰੀ ਹਥਿਆਰਾਂ ਨਾਲ ਬੇਗੁਨਾਹ ਸਿੱਖ ਬਜੁਰਗਾਂ ਤੇ ਔਰਤਾਂ ਦੇ ਕਤਲੇਆਮ ਵੀ ਕੀਤੇ। ਇਹਨਾਂ ਵਿੱਚੋਂ ‘ਨਵਾਂ ਜਮਾਨਾ’ ਅਖਬਾਰ ਦੇ ਐਡੀਟਰ ਜਗਜੀਤ ਸਿੰਘ ਅਨੰਦ ਨੇ ‘ਜਗ ਬਾਣੀ’ ਅਖਬਾਰ ਵਿਚ ਗੋਬਿੰਦ ਰਾਮ ਦੇ ਹੱਕ ਵਿਚ ਲੇਖ ਵੀ ਲਿਖਿਆ।
ਦੂਜੀ ਕਿਸਮ ਦੇ ਮਾਰਕਸੀਏ ਉਹ ਹਨ ਜਿਹਨਾਂ ਨੇ ਇਸ ਸੰਘਰਸ਼ ਨੂੰ ਦੋਪਾਸੀ ਆਤੰਕ ਦਾ ਨਾਂ ਦਿੱਤਾ। ਗੁਰਬਚਨ ਤੇ ਪਾਸ਼ ਇਸ ਵਰਗ ਵਿਚ ਆਉਂਦੇ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਦੂਜਾ ਨਜਰੀਆ ਸਟੇਟ ਦੇ ਜਿਆਦਾ ਰਾਸ ਆਉਂਦਾ ਹੈ। ਤਸ਼ੱਦਦ ਦੇ ਦੌਰ ਦੌਰਾਨ ਲੋਕਾਂ ਵਿਚ ਸਟੇਟ ਦੀ ਦਰਿੰਦਗੀ ਬੇਨਕਾਬ ਹੋ ਜਾਂਦੀ ਹੈ। ਲੋਕਾਂ ਨੂੰ ਸਟੇਟ ਵੱਲੋਂ ਬੋਲਿਆ ਜਾ ਰਿਹਾ ਹਰੇਕ ਝੂਠ ਸਾਫ ਸਮਝ ਆਉਣ ਲਗਦਾ ਹੈ। ਅਜਿਹੇ ਵਿਚ ਸਟੇਟ ਨੂੰ ਇਕ ਤੀਜੀ ਧਿਰ ਦੀ ਲੋੜ ਹੁੰਦੀ ਹੈ, ਜਿਹੜੀ ਸਟੇਟ ਤੇ ਲੋਕਾਂ ਦੇ ਸੰਘਰਸ਼ ਦੋਵਾਂ ਦੀ ਆਲੋਚਨਾ ਕਰੇਇਸ ਨਾਲ ਇਹ ਪ੍ਰਭਾਵ ਪੈਦਾ ਹੁੰਦਾ ਹੈ ਕਿ ਸਟੇਟ ਤੇ ਇਹਦੇ ਖਿਲਾਫ ਲੜ ਰਹੀ ਧਿਰ ਤਾਕਤ ਅਤੇ ਨੈਤਿਕ ਗਿਰਾਵਟ ਪੱਖੋਂ ਇੱਕੋ ਜਿਹੀਆਂ ਹਨ। ਸਟੇਟ ਉੱਤੇ ਤਾਂ ਇਸਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਸਟੇਟ ਕੋਲ ਪਾਵਰ ਹੁੰਦੀ ਹੈ ਪਰ ਲੜ ਰਹੀ ਧਿਰ, ਪਹਿਲਾਂ ਹੀ ਤਸ਼ੱਦਦ ਦੀ ਸ਼ਿਕਾਰ ਹੋਣ ਕਰਕੇ ਅਤੇ ਆਪਣੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਲੋੜੀਂਦੇ ਸਾਧਨ ਨਾ ਹੋਣ ਕਰਕੇ ਮਾਤ ਖਾ ਜਾਂਦੀ ਹੈ। ਗੁਰਭਗਤ ਸਿੰਘ ਨੇ ਆਪਣੇ ਇਕ ਲੇਖ ਵਿਚ ਸਿੱਖ ਸੰਘਰਸ਼ ਬਾਰੇ ਕਿਹਾ ਸੀ ਕਿ ਇਹ ਸਮੱਸਿਆ ਤਾਂ ਕੇਵਲ ਸ਼ਾਸਕ ਗਰੋਹ ਲਈ ਹੈ, ਦੁਨੀਆ ਭਰ ਵਿਚ ਆਪਣੀ ਆਜਾਦੀ ਦੀ ਲੜਾਈ ਲੜ ਰਹੀਆਂ ਕੌਮਾਂ ਲਈ ਇਹ ਸੰਘਰਸ਼ ਇਕ ਵਾਅਦੇ ਦੀ ਰਿਸ਼ਮ ਹੈ। ਸਟੇਟ ਦੇ ਨਾਲ ਖੜੇ ਜਿਹਨਾਂ ‘ਬੁੱਧੀਜੀਵੀਆਂ’ ਤੇ ‘ਕਵੀਆਂ’ ਨੂੰ ਇਹ ਸੰਘਰਸ਼ ਆਤੰਕ ਨਜਰ ਆਉਂਦਾ ਹੈ, ਉਹਨਾਂ ਨੂੰ ਅਨੂਪ ਵਿਰਕ ਦਾ ਇਹ ਬੰਦ ਰੋਜ ਪੜ੍ਹਨਾ ਚਾਹੀਦਾ ਹੈ:
ਇਕ ਖਤ ਤੈਨੂੰ ਯਾਰ ਲਿਖਣਗੇ, ਸ਼ਾਇਰਾ ਕੂੜ ਨਹੀਂ ਬੋਲੀਦਾ,
ਕੁੰਜ ਸੱਪ ਦੀ, ਖੰਭ ਮੋਰ ਦਾ, ਇਕ ਪੱਲੜੇ ਨਹੀਂ ਤੋਲੀਦਾ।

Comments

Popular posts from this blog

The Burden- ਮਨਿੰਦਰ ਸਿੰਘ ਕਾਂਗ ਰਚਿਤ ਪੰਜਾਬੀ ਕਹਾਣੀ ਭਾਰ- ਇਕ ਪੁਲਿਸ ਕੈਟ ਦੀ ਗਾਥਾ ਦਾ ਅੰਗਰੇਜੀ ਅਨੁਵਾਦ

ਆਧੁਨਿਕਤਾ, ਬਰਬਰਤਾ, ਅਤੇ ਪੰਜਾਬੀ ਕਵਿਤਾ