ਆਧੁਨਿਕਤਾ, ਬਰਬਰਤਾ, ਅਤੇ ਪੰਜਾਬੀ ਕਵਿਤਾ

ਪ੍ਰਭਸ਼ਰਨਬੀਰ ਸਿੰਘ 
ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ
ਆਧੁਨਿਕਤਾ ਦੀ ਲੁਕਵੀਂ ਚਾਲਕ ਸ਼ਕਤੀ 'ਤਰੱਕੀ ਦੀ ਮਿੱਥ' (Myth of Progess) ਹੈ। ਤਰੱਕੀ ਦੀ ਮਿੱਥ ਯੌਰਪ ਵਿੱਚ ਜਾਗ੍ਰਤੀ ਦੌਰ ਦੌਰਾਨ ਹੋਂਦ ਵਿਚ ਆਈ ਜਦੋਂ ਵਿਗਿਆਨ ਅਤੇ ਤਕਨਾਲੋਜੀ ਦੀਆਂ ਖੋਜਾਂ ਪੁਰਾਣੀਆਂ ਵਿਸ਼ਵ-ਦ੍ਰਿਸ਼ਟੀਆਂ ਲਈ ਨਿੱਤ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਰਹੀਆਂ ਸਨ। ਇਸ ਮਿੱਥ ਅਨੁਸਾਰ ਵਿਗਿਆਨ ਅਤੇ ਤਕਨਾਲੋਜੀ ਦੀ ਤਰੱਕੀ ਨਾਲ ਇੱਕ ਦਿਨ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਅਤੇ ਇੱਕ ਆਦਰਸ਼ਕ ਜਗਤ (Utopia) ਦੀ ਸਥਾਪਨਾ ਹੋ ਜਾਵੇਗੀ। ਇਸੇ ਮਿੱਥ ਨੇ ਹੀ ਆਧੁਨਿਕ ਜੀਵਨ ਤਰਜ਼ ਨੂੰ ਇਸਦਾ ਨੈਤਿਕ ਆਧਾਰ ਮੁਹੱਈਆ ਕਰਵਾਇਆ। ਗਿਣਾਤਮਕ ਤਰਕਸ਼ੀਲਤਾ (Calculative Rationality) ਨੂੰ ਹਰ ਇੱਕ ਚੀਜ਼, ਸਮੇਤ ਜ਼ਿੰਦਗੀ ਦੇ ਸੂਖਮ ਮਸਲਿਆਂ ਦੇ, ਦਾ ਆਖਰੀ ਪੈਮਾਨਾ ਮਿਥ ਲਿਆ ਗਿਆ। ਜ਼ਿੰਦਗੀ ਵਿੱਚੋਂ ਕੋਮਲ ਕਲਾਵਾਂ, ਕਵਿਤਾ, ਅਤੇ ਪਵਿੱਤਰਤਾ ਦੀ ਹਾਜ਼ਰੀ ਘਟਣ ਲੱਗੀ। ਬੇਸ਼ੁਮਾਰ ਸੁੱਖ-ਸਹੂਲਤਾਂ ਪੈਦਾ ਹੋਣ ਦੇ ਨਾਲ ਨਾਲ ਜ਼ਿੰਦਗੀ ਨੇ ਬਹੁਤ ਕੁਝ ਗੁਆਇਆ ਵੀ।
ਵੀਹਵੀਂ ਸਦੀ ਦੇ ਆਗਾਜ਼ ਨਾਲ ਆਧੁਨਿਕਤਾ ਦੇ ਹਨ੍ਹੇਰੇ ਪੱਖ ਬਹੁਤ ਬੇਕਿਰਕ ਤਰੀਕੇ ਨਾਲ ਦੁਨੀਆਂ ਦੇ ਸਾਹਮਣੇ ਆਏ। ਦੋਹਾਂ ਸੰਸਾਰ ਜੰਗਾਂ ਦੌਰਾਨ ਜਿਹੜੀ ਭਿਆਨਕ ਤਬਾਹੀ ਹੋਈ ਉਸਨੇ ਮਨੁੱਖੀ ਇਤਿਹਾਸ ਦੇ ਸਭ ਤੋਂ ਸਿਆਹ ਪੰਨਿਆਂ ਨੂੰ ਵੀ ਫਿੱਕਾ ਪਾ ਦਿੱਤਾ। ਏਨੀ ਵਿਆਪਕ ਤਬਾਹੀ ਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਵਿਗਿਆਨ ਅਤੇ ਤਕਨਾਲੋਜੀ ਦੀ ਤਰੱਕੀ ਨੇ ਮਨੁੱਖ ਨੂੰ ਅਜਿਹੇ ਸਾਧਨ ਮੁਹੱਈਆ ਕਰਵਾ ਦਿੱਤੇ ਸਨ ਜਿਹਨਾਂ ਨੇ ਲੱਖਾਂ ਜ਼ਿੰਦਗੀਆਂ ਦੇ ਘਾਣ ਨੂੰ ਖਿਣਾਂ-ਪਲ਼ਾਂ ਦੀ ਖੇਡ ਬਣਾ ਦਿੱਤਾ। ਨਾਜ਼ੀਆਂ ਦੇ ਗੈਸ-ਚੈਂਬਰ ਅਤੇ ਅਮਰੀਕਾ ਵੱਲੋਂ ਜਾਪਾਨ ਉੱਤੇ ਸੁੱਟੇ ਗਏ ਪ੍ਰਮਾਣੂ ਬੰਬ ਇਸ ਦੀਆਂ ਦੋ ਉੱਘੜਵੀਆਂ ਮਿਸਾਲਾਂ ਹਨ। ਮੌਤ ਨੇ ਇੱਕ ਸਨਅਤ ਦਾ ਰੂਪ ਧਾਰਨ ਕਰ ਲਿਆ। ਤ੍ਰਾਸਦੀ ਇਹ ਹੈ ਕਿ ਐਨੀ ਵਿਆਪਕ ਤਬਾਹੀ ਤੋਂ ਕਿਸੇ ਨੇ ਕੋਈ ਸਬਕ ਨਹੀਂ ਸਿੱਖਿਆ। 'ਮੌਤ ਦੀ ਸਨਅਤ' ਅੱਜ ਵੀ 'ਨਵਉਦਾਰਵਾਦ' ਅਤੇ 'ਦਹਿਸ਼ਤ ਵਿਰੁੱਧ ਜੰਗ' ਵਰਗੇ ਨਾਵਾਂ ਹੇਠ ਆਪਣਾ ਕਹਿਰ ਵਰਤਾ ਰਹੀ ਹੈ।
ਦੁਨੀਆਂ ਭਰ ਵਿੱਚ ਰਾਜਨੀਤਕ ਸੱਤਾ ਭੋਗਣ ਵਾਲੇ ਅਤੇ ਆਰਥਿਕ ਅਜਾਰੇਦਾਰੀ ਹੰਢਾਉਣ ਵਾਲੇ ਕੁਲੀਨ ਵਰਗ ਨੇ ਭਾਵੇਂ ਇਸ ਤਬਾਹੀ ਤੋਂ ਕੋਈ ਸਬਕ ਨਾ ਸਿੱਖਿਆ ਹੋਵੇ ਪਰ ਯੌਰਪ ਦੀਆਂ ਕੁਝ ਸੰਵੇਦਨਸ਼ੀਲ ਰੂਹਾਂ ਨੇ ਇਸਨੂੰ ਬਹੁਤ ਸ਼ਿੱਦਤ ਨਾਲ ਮਹਿਸੂਸ ਕੀਤਾ। ਮਾਨਵੀ ਪੀੜ ਦੇ ਇਸ ਡੂੰਘੇ ਅਹਿਸਾਸ ਵਿੱਚੋਂ ਹੀ ਆਧੁਨਿਕਤਾ ਬਾਰੇ ਪੁਨਰ-ਵਿਚਾਰ ਕਰਨ ਦੀ ਲੋੜ ਉਤਪੰਨ ਹੋਈ। ਜੰਗ ਤੋਂ ਬਾਅਦ ਪੈਦਾ ਹੋਏ ਫਲਸਫੇ ਨੇ ਆਧੁਨਿਕਤਾ ਨੂੰ ਕਟਿਹਰੇ ਵਿੱਚ ਖੜ੍ਹਾ ਕਰਦਿਆਂ ਇਸਦੀਆਂ ਮੁੱਢਲੀਆਂ ਮਾਨਤਾਵਾਂ, ਜਿਵੇਂ 'ਤਰੱਕੀ ਦੀ ਮਿੱਥ', ਨੂੰ ਸੁਆਲਾਂ ਦੇ ਘੇਰੇ ਹੇਠ ਲਿਆਂਦਾ। ਮਾਰਕਸਵਾਦ, ਪੂੰਜੀਵਾਦ ਅਤੇ ਆਧੁਨਿਕਤਾ ਵਰਗੇ ਮਹਾਂ-ਬਿਰਤਾਂਤਾਂ ਦੀ ਚੰਗੇਰਾ ਸਮਾਜ ਸਿਰਜ ਸਕਣ ਦੀ ਸਮਰੱਥਾ ਵੀ ਸ਼ੱਕੀ ਲੱਗਣ ਲੱਗ ਪਈ। ਇਸਦੇ ਨਾਲ ਹੀ ਇੱਕ ਅਹਿਮ ਸੁਆਲ ਇਹ ਪੈਦਾ ਹੋਇਆ ਕਿ ਐਨੀ ਭਿਅੰਕਰ ਤਬਾਹੀ ਦੀ ਪੇਸ਼ਕਾਰੀ ਕਿਵੇਂ ਕੀਤੀ ਜਾਵੇ? ਕੀ ਅਜਿਹੀ ਅਣਮਨੁੱਖੀ ਬਰਬਰਤਾ ਦੀ ਪੇਸ਼ਕਾਰੀ ਸੰਭਵ ਵੀ ਹੈ?
ਇਸ ਸੁਆਲ ਨੂੰ ਮੁਖਾਤਬ ਹੁੰਦਿਆਂ ਥਿਓਡੋਰ ਅਡੋਰਨੋ ਦਾ ਇਹ ਕਥਨ ਅਕਸਰ ਹੀ ਦੁਹਰਾਇਆ ਜਾਂਦਾ ਹੈ: "ਆਸ਼ਵਿਟਜ਼ (ਯਹੂਦੀਆਂ ਦੇ ਸਰਬਨਾਸ਼ ਲਈ ਵਰਤੇ ਗਏ ਇੱਕ ਕੰਸਨਟਰੇਸ਼ਨ ਕੈਂਪ ਦਾ ਨਾਂ) ਤੋਂ ਬਾਅਦ ਕਵਿਤਾ ਲਿਖਣਾ ਬਰਬਰਤਾ ਹੈ"। ਇਸ ਕਥਨ ਨੂੰ ਅਕਸਰ ਹੀ ਇਸ ਪਰਿਪੇਖ ਵਿਚ ਵਰਤਿਆ ਜਾਂਦਾ ਹੈ ਕਿ ਅਜਿਹੀ ਭਿਅੰਕਰ ਤਬਾਹੀ ਦੇ ਸਾਹਮਣੇ ਜ਼ਿੰਦਗੀ ਦੇ ਸੁਹਜ ਦਾ ਗੀਤ ਗਾਉਣਾ ਨਿਰਾਰਥਕ ਹੈ। ਇਸਤੋਂ ਇਹ ਭਾਵ ਵੀ ਲਿਆ ਜਾਂਦਾ ਹੈ ਕਿ ਜਦੋਂ ਬਰਬਰਤਾ ਦਾ ਤਾਂਡਵ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਲਵੇ ਤਾਂ ਇਸਦੀ ਕਾਵਿਕ ਪੇਸ਼ਕਾਰੀ ਸੰਭਵ ਨਹੀਂ ਰਹਿੰਦੀ। ਯੌਰਪ ਵਿਚ ਭਾਂਵੇਂ ਸ਼ੁਰੂ ਤੋਂ ਹੀ, ਪਰ ਖਾਸ ਤੌਰ ਤੇ ਆਧੁਨਿਕਤਾ ਦੇ ਆਗਾਜ਼ ਤੋਂ ਬਾਅਦ, ਜੀਵਨ ਦੀਆਂ ਸਮੱਸਿਆਵਾਂ ਨੂੰ ਸਮਝਣ, ਇਹਨਾਂ ਨਾਲ ਸਿੱਝਣ ਅਤੇ ਇਹਨਾਂ ਨੂੰ ਪੇਸ਼ ਕਰਨ ਦਾ ਮੁੱਖ ਜ਼ਰੀਆ ਫਲਸਫਾ ਹੀ ਰਿਹਾ ਹੈ।
ਫਲਸਫੇ ਦੀ ਇਹ ਸਰਦਾਰੀ ਯੌਰਪੀ ਸੱਭਿਅਤਾ ਦਾ ਖਾਸਾ ਤਾਂ ਹੈ ਪਰ ਹਰ ਸੱਭਿਆਚਾਰ ਵਿਚ ਇਉਂ ਨਹੀਂ ਹੁੰਦਾ; ਹਰ ਸੱਭਿਆਚਾਰ ਦਾ ਕਾਵਿ ਅਤੇ ਦਰਸ਼ਨ ਨਾਲ ਰਿਸ਼ਤਾ ਨਿਵੇਕਲਾ ਹੁੰਦਾ ਹੈ। ਪੰਜਾਬੀ ਸੱਭਿਆਚਾਰ ਵਿਚ ਕਾਵਿ ਨੂੰ ਦਰਸ਼ਨ ਨਾਲੋਂ ਵਧੇਰੇ ਅਹਿਮ ਸਥਾਨ ਪ੍ਰਾਪਤ ਹੈ। ਪੰਜਾਬੀ ਬੋਲੀ ਅਤੇ ਜ਼ਿੰਦਗੀ ਦੋਵੇਂ ਕਾਵਿਕ ਧੜਕਣ ਨਾਲ ਸਰਸ਼ਾਰ ਹਨ। ਪੰਜਾਬ ਜ਼ਿੰਦਗੀ ਦੀ ਪਵਿੱਤਰਤਾ ਅਤੇ ਸੁਹਜ ਦੇ ਨਾਲ ਨਾਲ ਇਸਦੇ ਦਿਲ-ਵਿੰਨ੍ਹਵੇਂ ਹਾਦਸਿਆਂ ਅਤੇ ਬੇਕਿਰਕ ਹਿੰਸਾ ਨੂੰ ਵੀ ਕਵਿਤਾ ਰਾਹੀਂ ਹੀ ਸਨਮੁੱਖ ਹੋਇਆ ਹੈ। ਇਸਦੀ ਸਭ ਤੋਂ ਖੂਬਸੂਰਤ ਮਿਸਾਲ ਗੁਰੂ ਨਾਨਕ ਸਾਹਿਬ ਨੇ ਬਾਬਰਵਾਣੀ ਰਾਹੀਂ ਪੈਦਾ ਕੀਤੀ। ਗੁਰੂ ਗ੍ਰੰਥ ਸਾਹਿਬ ਦੇ ਰਚਣਹਾਰ ਜ਼ਿੰਦਗੀ ਦੇ ਸੁਹਜ ਅਤੇ ਮੌਤ ਦੇ ਕਹਿਰ, ਦੋਹਾਂ ਨਾਲ ਹੀ ਰਾਗਾਂ ਨਾਲ ਸ਼ਿੰਗਾਰੇ ਬੋਲਾਂ ਰਾਹੀਂ ਸਾਂਝ ਪਾਉਂਦੇ ਹਨ।
ਇੱਥੇ ਕੋਈ ਇਹ ਇਤਰਾਜ਼ ਵੀ ਉਠਾ ਸਕਦਾ ਹੈ ਕਿ ਅਡੋਰਨੋ ਨੇ ਆਧੁਨਿਕਤਾ ਦੀ ਹਿੰਸਾ ਦੀ ਗੱਲ ਕੀਤੀ ਹੈ ਜਿਹੜੀ ਕਿ ਹਿੰਸਾ ਦੇ ਪ੍ਰੰਪਰਾਗਤ ਰੂਪਾਂ ਤੋਂ ਵੱਧ ਭਿਅੰਕਰ ਹੈ। ਕੀ ਕਵਿਤਾ, ਵੀਹਵੀਂ ਅਤੇ ਇੱਕੀਵੀਂ ਸਦੀ ਦੀ ਤਕਨਾਲੋਜੀ ਰਾਹੀਂ ਮਧਿਅਸਥ ਹੋ ਰਹੀ ਹਿੰਸਾ ਨੂੰ ਵੀ ਪੇਸ਼ ਕਰਨ ਦੇ ਸਮਰੱਥ ਹੈ? ਇਸ ਸੁਆਲ ਨੂੰ ਮੁਖਾਤਬ ਹੋਣ ਤੋਂ ਪਹਿਲਾਂ ਅਡੋਰਨੋ ਦੇ ਕਥਨ ਦੇ ਪਰਿਪੇਖ ਨੂੰ ਸਮਝਣਾ ਜ਼ਰੂਰੀ ਹੈ। ਇਹ ਕਥਨ ਲਿਖਣ ਵੇਲੇ ਅਡੋਰਨੋ ਦਾ ਫਿਕਰ (ਜੋ ਕਿ ਸੱਚਾ ਵੀ ਹੈ) ਇਹ ਸੀ ਕਿ ਬਰਬਰਤਾ ਦੀ ਪੇਸ਼ਕਾਰੀ ਕਰਦਿਆਂ ਕਵਿਤਾ ਕਿਤੇ ਵਿਚਾਰਧਾਰਕ ਸਿੱਥਲਤਾ ਦਾ ਸ਼ਿਕਾਰ ਨਾ ਹੋ ਜਾਵੇ। ਬਾਅਦ ਵਿਚ ਛਪੀ ਆਪਣੀ ਪੁਸਤਕ 'ਨੈਗੇਟਿਵ ਡਾਇਆਲੈਕਟਿਕਸ' ਵਿਚ ਉਹ ਗੱਲ ਨੂੰ ਸਪੱਸ਼ਟ ਕਰਦਾ ਲਿਖਦਾ ਹੈ: "ਸਦੀਵੀ ਦੁੱਖ ਨੂੰ ਆਪਣੀ ਪੇਸ਼ਕਾਰੀ ਦਾ ਓਨਾ ਹੀ ਹੱਕ ਹੈ ਜਿੰਨਾ ਤਸ਼ੱਦਦ ਸਹਿ ਰਹੇ ਕਿਸੇ ਵਿਅਕਤੀ ਨੂੰ ਚੀਕਣ ਦਾ। ਸੋ ਇਹ ਕਹਿਣਾ ਗਲਤ ਵੀ ਹੋ ਸਕਦਾ ਹੈ ਕਿ ਆਸ਼ਵਿਟਜ਼ ਤੋਂ ਬਾਅਦ ਤੁਹਾਨੂੰ ਕਵਿਤਾ ਲਿਖਣ ਦਾ ਹੱਕ ਨਹੀਂ ਹੈ।" ਇਸੇ ਤਰ੍ਹਾਂ ਆਪਣੇ ਇੱਕ ਲੈਕਚਰ ਕੋਰਸ ਦੌਰਾਨ ਵੀ ਉਸਨੇ ਸਪੱਸ਼ਟ ਕੀਤਾ ਸੀ ਕਿ ਕਵਿਤਾ ਬਾਰੇ ਉਸਦੀ ਟਿੱਪਣੀ ਅਸਲ ਵਿਚ ਉਸ ਵੇਲੇ ਪੁਨਰ-ਸੁਰਜੀਤ ਕੀਤੇ ਜਾ ਰਹੇ ਸੱਭਿਆਚਾਰ ਦੇ ਖੋਖਲੇਪਣ ਬਾਰੇ ਸੀ। ਉਹ ਕਹਿੰਦਾ ਹੈ ਕਿ ਆਸ਼ਵਿਟਜ਼ ਬਾਰੇ ਅੱਜ ਇਹ ਵੀ ਕਿਹਾ ਜਾ ਸਕਦੈ ਕਿ ਆਸ਼ਵਿਟਜ਼ ਤੋਂ ਬਾਅਦ ਕਵਿਤਾ ਜ਼ਰੂਰ ਲਿਖਣੀ ਚਾਹੀਦੀ ਹੈ। ਪਰ ਇਸਦਾ ਇਹ ਮਤਲਬ ਨਹੀਂ ਕਿ ਜੀਵਨ ਜਿਉਣਾ ਹੀ ਛੱਡ ਦਿੱਤਾ ਜਾਵੇ। ਬਲਕਿ ਜੀਵਨ ਇਸ ਢੰਗ ਨਾਲ ਜੀਵਿਆ ਜਾਵੇ ਕਿ ਆਸ਼ਵਿਟਜ਼ ਮੁੜ ਨਾ ਵਾਪਰੇ। ਪਰ ਸੋਚਣ ਵਾਲ਼ੀ ਗੱਲ ਹੈ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਆਸ਼ਵਿਟਜ਼ ਵਰਗੇ ਹਾਦਸੇ ਮੁੜ ਮੁੜ ਵਾਪਰ ਰਹੇ ਹਨ।
ਪੰਜਾਬ ਦੇ ਸੰਦਰਭ ਵਿਚ ਇਹ ਵਿਚਾਰ-ਚਰਚਾ ਵੱਡੀ ਅਹਿਮੀਅਤ ਰੱਖਦੀ ਹੈ ਕਿਉਂਕਿ ਪੰਜਾਬ ਨੇ ਵੀਹਵੀਂ ਸਦੀ ਦੌਰਾਨ ਦੋ ਵੱਡੇ ਹਾਦਸੇ, ੧੯੪੭ ਅਤੇ ੧੯੮੪, ਆਪਣੇ ਪਿੰਡੇ ਉੱਤੇ ਹੰਢਾਏ ਹਨ। ਦੋਹਾਂ ਦੀ ਪੀੜ ਨੂੰ, ਭਾਵੇਂ ਅੰਸ਼ਿਕ ਰੂਪ ਵਿਚ ਹੀ ਸਹੀ, ਕਵਿਤਾ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਕਾਵਿਕ ਪੇਸ਼ਕਾਰੀ ਵੀ ਦੋ ਤਰ੍ਹਾਂ ਦੀ ਹੈ: ਵਿਚਾਰਧਾਰਕ ਵਲਗਣਾਂ ਤੋਂ ਆਜ਼ਾਦ ਕਵਿਤਾ ਅਤੇ ਵਿਚਾਰਧਾਰਕ ਸੰਕੀਰਣਤਾ ਦੀ ਸ਼ਿਕਾਰ ਕਵਿਤਾ।
ਹਰਿੰਦਰ ਸਿੰਘ ਮਹਿਬੂਬ ਦੀਆਂ ਲੰਮੀਆਂ ਕਵਿਤਾਵਾਂ 'ਕੁਰਲਾਉਂਦੇ ਕਾਫਲੇ' ਅਤੇ 'ਸ਼ਹੀਦ ਦੀ ਅਰਦਾਸ' ਪਹਿਲੀ ਕਿਸਮ ਦੀ ਕਵਿਤਾ ਦੀਆਂ ਉਦਾਹਰਣਾਂ ਹਨ। ਇਹ ਕਵਿਤਾਵਾਂ ਵਿਚਾਰਧਾਰਕ ਸਿੱਥਲਤਾ ਤੋਂ ਆਜ਼ਾਦ ਕਵਿਤਾਵਾਂ ਹਨ। ਇਹ ਕਵਿਤਾਵਾਂ ੧੯੪੭ ਅਤੇ ੧੯੮੪ ਦੀ ਪੀੜ ਨੂੰ ਸਥਾਨਕ ਪੀੜ ਵਜੋਂ ਨਹੀਂ ਵੇਖਦੀਆਂ, ਸਗੋਂ ਮਨੁੱਖੀ ਇਤਿਹਾਸ ਦੇ ਇੱਕ ਜੁਜ਼ ਵਜੋਂ ਬਿਆਨਦੀਆਂ ਹਨ। ਕੋਈ ਵੀ ਇਤਿਹਾਸਕ ਜੁੱਗਗਰਦੀ, ਭਾਵੇਂ ਕਿੰਨੀ ਵੀ ਭਿਅੰਕਰ ਕਿਉਂ ਨਾ ਹੋਵੇ, ਕਵੀ ਦੇ ਮਾਸੂਮ ਬੋਲਾਂ ਨੂੰ ਕਤਲ ਨਹੀਂ ਕਰ ਸਕਦੀ, ਬਸ਼ਰਤੇ ਕਿ ਕਵੀ ਆਪਣੇ ਬੋਲਾਂ ਦੀ ਮਾਸੂਮੀਅਤ ਨੂੰ ਵਿਚਾਰਧਾਰਕ ਵਲਗਣਾਂ ਵਿਚ ਕੈਦ ਨਾ ਹੋਣ ਦੇਵੇ। ਕਵੀ ਦਾ ਸਰੀਰਕ ਕਤਲ ਵੀ ਅਜਿਹੇ ਹਾਲਾਤ ਵਿਚ ਉਸਦੇ ਬੋਲਾਂ ਨੂੰ ਸਦੀਵਤਾ ਹੀ ਪ੍ਰਦਾਨ ਕਰਦਾ ਹੈ। ੧੯੪੭ ਦੀ ਅਕਹਿ ਅਤੇ ਅਸਹਿ ਵੇਦਨਾ ਵਿੱਚੋਂ ਸਰੀਰਕ ਅਤੇ ਆਤਮਿਕ ਰੂਪ ਵਿਚ ਨਿਕਲਣ ਤੋਂ ਬਾਅਦ ਵੀ ਕਵੀ ਇਹ ਕਹਿਣ ਦਾ ਜੇਰਾ ਰੱਖਦਾ ਹੈ:
ਨਭ ਕਾਲ ਧਰਤੀ ਦੀਆਂ ਸੜੀਆਂ
ਹਰੀਆਂ ਕੀਤੀਆਂ ਨੀਂਹਾਂ।
ਵਰ੍ਹ ਰਾਵੀ ਦੇ ਨੈਣਾਂ ਵਿਚੋਂ
ਝਿਮ ਝਿਮ ਤਰਸ ਦੇ ਮੀਂਹਾਂ।
ਜੀਵਨ ਵੱਡੇ ਤੋਂ ਵੱਡੇ ਤਸ਼ੱਦਦ ਅੱਗੇ ਵੀ ਅਜਿੱਤ ਰਹਿੰਦਾ ਹੈ। ਦਇਆਵਾਨ ਦਰਿਆਦਿਲੀ ਘੋਰ ਕਲਜੁਗ ਅੰਦਰ ਵੀ ਜ਼ਿੰਦਗੀ ਦੇ ਰੁੱਖ ਨੂੰ ਹਰਾ ਕਰ ਦੇਵੇਗੀ, ਇਹ ਕਵੀ ਦਾ ਨਿਸਚਾ ਹੈ। ਕਵੀ ਧਰਤੀ ਨੂੰ ਮਾਸੂਮ ਰੀਝਾਂ ਦੇ ਖਿੜੇ ਹੋਏ ਬਾਗ ਵਜੋਂ ਵੇਖਣ ਦੇ ਧਰਵਾਸ ਨਾਲ ਜਿਉਂਦਾ ਹੈ। ਜਦੋਂ ਕਵੀ ਅਜਿਹਾ ਧਰਵਾਸ ਤਿਆਗ ਦੇਵੇ ਤਾਂ ਉਸਦੀ ਕਵਿਤਾ ਉੱਤੇ ਨਿਰਾਸ਼ਤਾ ਦਾ ਪ੍ਰਛਾਵਾਂ ਪੈ ਜਾਂਦਾ ਹੈ। ਸੁਰਜੀਤ ਪਾਤਰ ਦੀ ਕਵਿਤਾ ਅਜਿਹੀ ਹੀ ਮਿਸਾਲ ਪੇਸ਼ ਕਰਦੀ ਹੈ ਜਦੋਂ ਉਹ ਲਿਖਦੇ ਹਨ:
ਮਾਤਮ
ਹਿੰਸਾ
ਖੌਫ
ਬੇਬਸੀ
ਤੇ ਅਨਿਆਂ
ਇਹ ਨੇ ਅੱਜ-ਕੱਲ੍ਹ ਮੇਰੇ ਦਰਿਆਵਾਂ ਦੇ ਨਾਂ।
ਦਰਿਆਵਾਂ ਦੀ ਰਵਾਨੀ ਪੰਜਾਬ ਦੀ ਧੜਕਣ ਵਿਚ ਵਸੀ ਹੋਈ ਹੈ। ਪੰਜਾਬ ਦੇ ਦਰਿਆਵਾਂ ਦੀ ਆਵਾਜ਼ ਫਕੀਰਾਂ ਦੀ ਫਕੀਰੀ, ਆਸ਼ਕਾਂ ਦੀ ਸ਼ਿੱਦਤ, ਯੋਧਿਆਂ ਦੀ ਦਲੇਰੀ, ਅਤੇ ਸੰਤਾਂ ਦੇ ਸਿਮਰਨ ਵਿੱਚ ਪਰੁੱਚੀ ਹੋਈ ਹੈ। ਇਸਨੂੰ ਨਾਕਾਰਾਤਮਕ ਭਾਵਨਾਵਾਂ ਤੱਕ ਸੀਮਤ ਕਰ ਦੇਣਾ ਕਵੀ ਦੇ ਰੋਗੀ ਮਨ ਦੀ ਨਿਸ਼ਾਨੀ ਹੈ। ਪਾਤਰ ਦੀ ਕਵਿਤਾ ਡਿਪਰੈਸ਼ਨ ਦੀ ਕਵਿਤਾ ਹੈ। ਉਸ ਦੀ ਕਵਿਤਾ ਦੀ ਵਿਚਾਰਧਾਰਕ ਨੀਂਹ ਆਧੁਨਿਕਤਾ ਅਤੇ ਪੱਛਮ ਦੇ ਮਾਨਵਵਾਦੀ ਫਲਸਫੇ ਵਿਚ ਕੈਦ ਹੈ। ਇਹ ਕਵਿਤਾ ਪੱਛਮੀ ਫਲਸਫੇ ਨੂੰ ਕਿਸੇ ਆਜ਼ਾਦ ਫਿਜ਼ਾ ਵਿਚ ਨਹੀਂ ਮਿਲਦੀ ਸਗੋਂ ਪੱਛਮ ਦੀ ਗਿਆਨਾਤਮਕ ਅਜਾਰੇਦਾਰੀ ਦੇ ਦਬਾਅ ਹੇਠ ਆ ਕੇ ਉਸਦੀ ਪਿਛਲੱਗ ਬਣ ਜਾਂਦੀ ਹੈ। ਪੱਛਮ ਨਾਲ ਸੰਵਾਦ ਪੱਛਮੀ ਫਲਸਫੇ ਦੀਆਂ ਵਿਚਾਰਧਾਰਕ ਵਲਗਣਾਂ ਦੇ ਅੰਦਰ ਰਹਿ ਕੇ ਨਹੀਂ ਕੀਤਾ ਜਾ ਸਕਦਾ, ਸਗੋਂ ਆਪਣੀ ਸੱਭਿਆਚਾਰਕ ਹਸਤੀ ਦੇ ਨਿਆਰੇਪਣ ਨੂੰ ਬਰਕਰਾਰ ਰੱਖ ਕੇ ਹੀ ਕੀਤਾ ਜਾ ਸਕਦਾ ਹੈ। ਉਸਦੀ ਕਵਿਤਾ ਦੇ ਇਹ ਵਿਚਾਰਧਾਰਕ ਆਧਾਰ ਹੀ ਉਸਦੀ ਕਵਿਤਾ ਨੂੰ ਆਜ਼ਾਦ ਨਹੀਂ ਹੋਣ ਦਿੰਦੇ। ਉਸਦੀ ਕਵਿਤਾ ਬਰਬਰਤਾ ਦੇ ਹਨ੍ਹੇਰੇ ਤੋਂ ਪਾਰ ਸਹਿਕ ਰਹੀ ਜੀਵਨ ਦੀ ਲੋਅ ਨੂੰ ਵੇਖ ਸਕਣ ਦਾ ਤਾਣ ਨਹੀਂ ਰੱਖਦੀ। ਉਸਦੀ ਕਵਿਤਾ 'ਮੌਤ ਦੀ ਸਨਅਤ' ਦੀਆਂ ਮਕਾਨਕੀ ਆਵਾਜ਼ਾਂ ਤੋਂ ਏਨੀ ਭੈਅ-ਭੀਤ ਹੈ ਕਿ ਮੌਤ ਤੋਂ ਪਾਰ ਗੂੰਜਦੇ ਜ਼ਿੰਦਗੀ ਦੇ ਗੀਤ ਨੂੰ ਗੁਣਗੁਣਾ ਨਹੀਂ ਸਕਦੀ।
ਕਵਿਤਾ ਦਾ ਇਹ ਸੰਕੀਰਣ ਰੂਪ ਉਦੋਂ ਪੈਦਾ ਹੁੰਦਾ ਹੈ ਜਦੋਂ ਕਵਿਤਾ ਦਰਸ਼ਨ ਦੀਆਂ ਡੂੰਘਾਈਆਂ ਨੂੰ ਆਪਣੇ ਨਾਲ ਤੋਰ ਸਕਣ ਦਾ ਤਾਣ ਗੁਆ ਲੈਂਦੀ ਹੈ। ਪੰਜਾਬੀ ਸੱਭਿਆਚਾਰ ਵਿਚ ਕਵਿਤਾ ਦੀ ਪ੍ਰਾਥਮਿਕਤਾ ਦਾ ਭਾਵ ਇਹ ਨਹੀਂ ਕਿ ਪੰਜਾਬ ਵਿਚ ਫਲਸਫੇ ਲਈ ਕੋਈ ਥਾਂ ਨਹੀਂ। ਪੰਜਾਬੀ ਮਨ ਕਾਵਿ ਅਤੇ ਦਰਸ਼ਨ ਦੇ ਮਸਨੂਈ ਵਿਰੋਧ ਨੂੰ ਮੰਨਣ ਤੋਂ ਇਨਕਾਰੀ ਹੈ। ਪੰਜਾਬ, 'ਕਾਵਿਕ-ਦਰਸ਼ਨ' ਦੇ ਰੂਪ ਵਿਚ ਵਿਸ਼ਵ ਨੂੰ ਇੱਕ ਵਿਲੱਖਣ ਤੋਹਫਾ ਦੇਣ ਦੀ ਸੰਭਾਵਨਾ ਰੱਖਦਾ ਹੈ। 'ਜਪੁਜੀ ਸਾਹਿਬ' ਕਾਵਿਕ-ਦਰਸ਼ਨ ਦੀ ਉੱਚਤਮ ਮਿਸਾਲ ਅਤੇ ਅਜਿਹਾ ਤੋਹਫਾ ਹੀ ਹੈ, ਭਾਵੇਂ ਕਿ 'ਜਪੁਜੀ ਸਾਹਿਬ' ਨੂੰ ਕਵਿਤਾ, ਦਰਸ਼ਨ, ਜਾਂ ਦੋਹਾਂ ਦੇ ਕਿਸੇ ਸੁਮੇਲ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਆਧੁਨਿਕਤਾ ਦੀਆਂ ਉਪਭੋਗ ਅਤੇ ਨਸ਼ੇ ਵਰਗੀਆਂ ਅਲਾਮਤਾਂ ਤੋਂ ਆਪਣੀ ਮਾਸੂਮੀਅਤ ਨੂੰ ਬਚਾ ਕੇ ਰੱਖਣ ਵਾਲਾ ਪੰਜਾਬ ਦੀ ਜਵਾਨੀ ਦਾ ਜਿਹੜਾ ਥੋੜ੍ਹਾ ਜਿਹਾ ਹਿੱਸਾ ਹੈ, ਉਸਦੇ ਸਾਹਮਣੇ ਅੱਜ ਸਭ ਤੋਂ ਵੱਡੀ ਚੁਣੌਤੀ ਸਮਕਾਲੀ ਬਰਬਰਤਾ ਨੂੰ ਵਿਸ਼ਵ-ਦਰਸ਼ਨ ਵਿਚ ਪਰੁੱਚੀ ਕਵਿਤਾ ਰਾਹੀਂ ਰੂਪਮਾਨ ਕਰਨਾ ਹੈ। ਅਜਿਹੀ ਕਵਿਤਾ ਹੀ ਸਮਕਾਲੀ ਪੰਜਾਬ ਦੀ ਸੱਭਿਆਚਾਰਕ ਵੀਰਾਨਗੀ ਨੂੰ ਜ਼ਰਖੇਜ਼ ਕਲਾਤਮਕਤਾ ਵਿਚ ਤਬਦੀਲ ਕਰਨ ਦੀ ਸੰਭਾਵਨਾ ਰੱਖਦੀ ਹੈ।
ਫੋਨ: 001-778-836-7901
[ਇਹ ਲੇਖ ਚੰਡੀਗੜ੍ਹ ਤੋਂ ਛਪਦੇ ਪੰਜਾਬੀ ਟ੍ਰਿਬਿਊਨ ਦੇ 11 ਸਤੰਬਰ ਦੇ ਅੰਕ ਅਤੇ ਅਮਰੀਕਾ ਤੋਂ ਛਪਦੇ ਪੰਜਾਬ ਟਾਈਮਜ਼ ਦੇ 10-17 ਸਤੰਬਰ ਵਾਲੇ ਅੰਕ ਵਿਚ ਛਪਿਆ ਹੈ]

Comments

Popular posts from this blog

ਸਿੱਖ ਸੰਘਰਸ਼ ਤੇ ਪੰਜਾਬ ਦੇ ਖੱਬੇਪੱਖੀ ਚਿੰਤਨ ਦਾ ਸੰਕਟ

Angel Death